
ਪ੍ਰੇਅਰ ਦੌਰਾਨ ਬੱਚੇ ਦੀ ਹੋਈ ਮੌਤ
ਜਲੰਧਰ: ਤਾਜਪੁਰ ਸਥਿਤ ਚਰਚ 'ਚ ਬੀਮਾਰੀ ਦੇ ਇਲਾਜ ਦੇ ਨਾਂ 'ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚਰਚ ਦੇ ਪਾਦਰੀ 'ਤੇ ਬ੍ਰੇਨ ਟਿਊਮਰ ਵਰਗੀ ਬੀਮਾਰੀ ਨੂੰ ਪ੍ਰੇਅਰ ਨਾਲ ਠੀਕ ਕਰਨ ਦੇ ਬਦਲੇ 65 ਹਜ਼ਾਰ ਦੀ ਠੱਗੀ ਮਾਰਨ ਦਾ ਦੋਸ਼ ਹੈ।
ਇਸ਼ਤਿਹਾਰ ਦੇਖ ਕੇ ਦਿੱਲੀ ਤੋਂ ਇੱਕ ਪਰਿਵਾਰ ਆਪਣੇ ਬੱਚੇ ਦੇ ਇਲਾਜ ਲਈ ਚਰਚ ਵਿਚ ਆਇਆ ਸੀ। ਪੈਸੇ ਵੀ ਦਿੱਤੇ ਤੇ ਬੱਚਾ ਵੀ ਨਾ ਬਚਿਆ। ਬੱਚੇ ਦੀ ਪ੍ਰੇਅਰ ਦੌਰਾਨ ਹੀ ਮੌਤ ਹੋ ਗਈ।
ਦੇਰ ਰਾਤ ਦੀ ਪ੍ਰੇਅਰ ਦੌਰਾਨ ਬੱਚੇ ਦੀ ਮੌਤ ਹੋਣ 'ਤੇ ਪਰਿਵਾਰ ਨੇ ਹੰਗਾਮਾ ਮਚਾ ਦਿੱਤਾ। ਦਿੱਲੀ ਤੋਂ ਆਏ ਬੱਚੇ ਦੇ ਮਾਤਾ-ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਚਰਚ ਦਾ ਇਸ਼ਤਿਹਾਰ ਦੇਖਿਆ ਸੀ, ਜਿਸ ਵਿਚ ਮਰੇ ਹੋਏ ਬੱਚਿਆਂ ਨੂੰ ਵੀ ਠੀਕ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਉਸ ਤੋਂ ਬਾਅਦ, ਉਹ ਆਪਣੇ ਬੱਚੇ ਜਿਸ ਨੂੰ ਬ੍ਰੇਨ ਟਿਊਮਰ ਸੀ ਉਸ ਨੂੰ ਲੈ ਕੇ ਚਰਚ ਵਿਚ ਆਏ। ਚਰਚ ਵਿਚ ਪਾਦਰੀ ਬਰਜਿੰਦਰ ਨੇ ਉਸ ਅੱਗੇ ਵਿਸ਼ੇਸ਼ ਪ੍ਰਾਰਥਨਾ ਲਈ ਪੰਦਰਾਂ ਹਜ਼ਾਰ ਰੁਪਏ ਮੰਗੇ। ਉਸ ਨੇ 15 ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ ਵੀ ਬੱਚਾ ਠੀਕ ਨਹੀਂ ਹੋਇਆ।
ਇਸ ਤੋਂ ਬਾਅਦ ਪਾਦਰੀ ਨੇ ਕਿਹਾ ਕਿ ਵਿਸ਼ੇਸ਼ ਪ੍ਰਾਰਥਨਾ ਕਰਨੀ ਪਵੇਗੀ ਪਰ ਉਸ ਦੇ ਜ਼ਿਆਦਾ ਪੈਸੇ ਲੱਗਣਗੇ। ਜਦੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁੱਛਿਆ ਤਾਂ ਪਾਦਰੀ ਨੇ ਕਿਹਾ ਕਿ 50000 ਰੁਪਏ ਖ਼ਰਚ ਆਉਣਗੇ। ਪਰਿਵਾਰ ਨੇ ਪਾਦਰੀ ਨੂੰ 50000 ਰੁਪਏ ਵੀ ਦਿੱਤੇ ਪਰ ਤਾਜਪੁਰ ਚਰਚ 'ਚ ਪ੍ਰੇਅਰ ਦੌਰਾਨ ਬੱਚੇ ਨੇ ਆਪਣੀ ਜਾਨ ਦੇ ਦਿੱਤੀ।
ਪਾਦਰੀ ਜਿਸ ਬੱਚੇ ਦਾ ਇਲਾਜ ਕਰ ਕੇ ਠੀਕ ਕਰਨ ਦਾ ਦਾਅਵਾ ਕਰਦਾ ਸੀ ਉਸ ਬੱਚੇ ਦੇ ਇਲਾਜ਼ ਲਈ ਦੇਸ਼ ਦੇ ਸਭ ਤੋਂ ਵੱਡੇ ਮੈਡੀਕਲ ਇੰਸਟੀਚਿਊਟ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਜ਼) ਦੇ ਡਾਕਟਰਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਸਨ।
ਡਾਕਟਰਾਂ ਨੇ ਬੱਚੇ ਦੇ ਮਾਤਾ-ਪਿਤਾ ਨੂੰ ਕੈਂਸਰ ਅੰਤਿਮ ਪੜਾਅ ’ਤੇ ਹੋਣ ਬਾਰੇ ਦੱਸ ਦਿੱਤਾ ਸੀ ਤੇ ਘਰ 'ਚ ਸੇਵਾ ਕਰਨ ਦੀ ਸਲਾਹ ਦਿੱਤੀ ਸੀ।
ਹੰਗਾਮੇ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਪਰ ਪੁਲਿਸ ਨੇ ਪਰਿਵਾਰ ਨੂੰ ਕੋਈ ਕਾਨੂੰਨੀ ਮਦਦ ਦੇਣ ਦੀ ਬਜਾਏ ਵਾਪਸ ਦਿੱਲੀ ਭੇਜ ਦਿੱਤਾ। ਇਸ ਸਬੰਧੀ ਜਦੋਂ ਥਾਣਾ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਨੂੰ ਮੌਕੇ 'ਤੇ ਭੇਜਿਆ ਗਿਆ ਹੈ| ਪਰਿਵਾਰਕ ਮੈਂਬਰਾਂ ਨੇ ਜਾਂਚ ਅਧਿਕਾਰੀ ਨੂੰ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਉਨ੍ਹਾਂ ਨੂੰ ਦਿੱਲੀ ਵਾਪਸ ਭੇਜ ਦਿੱਤਾ ਗਿਆ। ਸਿੱਧੇ ਸ਼ਬਦਾਂ ਵਿਚ ਪੁਲਿਸ ਨੇ ਆਪਣਾ ਪੱਲਾ ਛੁਡਵਾਉਣ ਦਾ ਕੰਮ ਕੀਤਾ।