
ਮ੍ਰਿਤਕ ਦੀ ਪਛਾਣ 45 ਸਾਲ ਦੇ ਅਸ਼ੋਕ ਕੁਮਾਰ ਵਾਸੀ 1338/4 ਮਾਜਰੀ ਮੁਹੱਲਾ ਸ਼ਾਹਬਾਦ ਹਰਿਆਣਾ ਦੇ ਰੂਪ ਵਿਚ ਹੋਈ ਹੈ।
ਜ਼ੀਰਕਪੁਰ (ਜੇ.ਐਸ ਕਲੇਰ): ਜ਼ੀਰਕਪੁਰ ਸਥਿਤ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਮੋਤੀਆ ਰਾਇਲ ਸਿਟੀ ਸੁਸਾਇਟੀ ’ਚ ਅੱਜ ਇਕ ਸ਼ਾਹਬਾਦ ਹਰਿਆਣਾ ਦੇ ਪ੍ਰਾਪਰਟੀ ਡੀਲਰ ਨੇ ਅਪਣੇ ਜਾਣਕਾਰ ਦੇ ਫ਼ਲੈਟ ਵਿਚ ਆ ਕੇ ਅਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 45 ਸਾਲ ਦੇ ਅਸ਼ੋਕ ਕੁਮਾਰ ਵਾਸੀ 1338/4 ਮਾਜਰੀ ਮੁਹੱਲਾ ਸ਼ਾਹਬਾਦ ਹਰਿਆਣਾ ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਅੱਜ ਸ਼ਾਹਬਾਦ ਤੋਂ ਅਪਣੇ ਇਕ ਸਾਥੀ ਨਾਲ ਕਾਰ ’ਚ ਪ੍ਰਾਪਰਟੀ ਡੀਲਰ ਪਵਨ ਕੁਮਾਰ ਉਰਫ਼ ਰਵੀ ਫ਼ਲੈਟ ਨੰਬਰ 803 ਟਾਵਰ ਨੰਬਰ ਚਾਰ ਦੇ ਘਰ ਆਇਆ ਸੀ। ਕਰੀਬ ਇਕ ਵਜੇ ਫ਼ਲੈਟ ’ਚ ਦਾਖ਼ਲ ਹੋਇਆ ਅਤੇ ਕਰੀਬ ਡੇਢ ਵਜੇ ਉਸ ਨੇ ਅਪਣੇ ਨਾਲ ਲਿਆਂਦੀ ਪਿਸਤੌਲ ਨਾਲ ਅਪਣੀ ਪੁੜਪੁੜੀ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਉਸ ਵਲੋਂ ਪਿਸਤੌਲ ਕੱਢਣ ’ਤੇ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਫ਼ਲੈਟ ਮਾਲਕ ਵਲੋਂ ਉਸ ਨੂੰ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਫ਼ਲੈਟ ਮਾਲਕ ਪਵਨ ਕੁਮਾਰ ਉਰਫ਼ ਰਵੀ ਨੇ ਦਸਿਆ ਕਿ ਮ੍ਰਿਤਕ ਢਾਈ ਸਾਲ ਪਹਿਲਾਂ ਇਸੇ ਸੁਸਾਇਟੀ ਵਿਚ ਅਪਣੀ ਇਕ ਮਹਿਲਾ ਦੋਸਤ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿੰਦਾ ਸੀ।
ਢਾਈ ਸਾਲ ਪਹਿਲਾਂ ਉਸ ਦੀ ਮਹਿਲਾ ਦੋਸਤ ਨੇ ਖ਼ੁਦਕੁਸ਼ੀ ਕਰ ਲਈ ਸੀ ਤੇ ਉਹ ਸ਼ਾਹਬਾਦ ਚਲਾ ਗਿਆ ਸੀ। ਰਵੀ ਨੇ ਦਸਿਆ ਕਿ ਉਸ ਨੇ ਹੀ ਮ੍ਰਿਤਕ ਨੂੰ ਸੁਸਾਇਟੀ ਵਿਚ ਫ਼ਲੈਟ ਕਿਰਾਏ ’ਤੇ ਦਿਵਾਇਆ ਸੀ, ਤਦੇ ਉਹ ਉਨ੍ਹਾਂ ਨੂੰ ਜਾਣਦਾ ਸੀ। ਮ੍ਰਿਤਕ ਅਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਐਸਐਚਓ ਜ਼ੀਰਕਪੁਰ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਦਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਉਨ੍ਹਾਂ ਕਿਹਾ ਕਿ ਮੌਕੇ ’ਤੇ ਪਹੁੰਚੇ ਮ੍ਰਿਤਕ ਦੇ ਭਰਾ ਅਤੇ ਪਿਓ ਨੇ ਦਸਿਆ ਕਿ ਉਹ ਘਰ ਤੋਂ ਅਪਣੇ ਜੀਜਾ ਦੇ ਫੁੱਲਾਂ ਦੀ ਰਸਮ ’ਤੇ ਗਿਆ ਸੀ ਜਿਨ੍ਹਾਂ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ। ਮ੍ਰਿਤਕ ਦੇ ਬੈਗ ਵਿਚੋਂ ਉਸ ਦਾ ਅਤੇ ਉਸ ਦੇ ਨਾਲ ਆਏ ਵਿਅਕਤੀ ਦਾ ਪਾਸਪੋਰਟ ਅਤੇ ਕੁਝ ਦਸਤਾਵੇਜ਼ ਬਰਾਮਦ ਹੋਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਮ੍ਰਿਤਕ ਨੇ ਖ਼ੁਦਕੁਸ਼ੀ ਲਾਈਸੰਸੀ ਪਿਸਤੌਲ ਨਾਲ ਕੀਤੀ ਹੈ ਜਾਂ ਨਾਜਾਇਜ਼ ਨਾਲ।