
ਸਾਲ 2023 ਦੌਰਾਨ ਕਰੀਬ 10 ਦੇਹਾਂ ਭਾਰਤ ਲਿਆਂਦੀਆਂ
ਮੋਹਾਲੀ - ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਸੰਸਥਾ ਹੈਲਪਿੰਗ ਹੈਪਲੈੱਸ ਦੀ ਪ੍ਰਧਾਨ ਅਮਨਜੋਤ ਕੌਰ ਰਾਮੂੰਵਾਲੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 14 ਜੁਲਾਈ ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿਚ ਭੇਦਭਰੇ ਹਾਲਤ ਵਿਚ ਲੜਕੇ ਦੀ ਮੌਤ ਹੋਈ ਸੀ, ਜਿਸ ਦੀ ਦੇਹ ਸਵੇਰੇ ਕਮਰੇ ਵਿਚੋਂ ਮਿਲੀ। ਮ੍ਰਿਤਕ ਦੀ ਪਛਾਣ ਪੰਜਾਬ ਦੇ ਮਲੇਰਕੋਟਲਾ ਵਾਸੀ ਈਸ਼ਵਰਪਾਲ ਸਿੰਘ (20 ਸਾਲ) ਵਜੋਂ ਹੋਈ। ਉਹਨਾਂ ਦੱਸਿਆ ਕਿ ਬੀਤੇ ਦਿਨ "ਹੈਲਪਿੰਗ ਹੈਪਲੈੱਸ" ਦੀ ਟੀਮ ਵੱਲੋਂ ਲਗਾਤਾਰ ਯਤਨਾਂ ਉਪਰੰਤ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਅਮਨਜੋਤ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਦੇਸ਼ਾਂ ਵਿਚ ਸਾਡੇ ਬੱਚਿਆਂ ਦੀ ਹਾਲਤ ਬਦਤਰ ਹੋਈ ਪਈ ਹੈ, ਕੈਨੇਡਾ ਵਰਗੇ ਮੁਲਕਾਂ ਵਿਚ ਰੁਜ਼ਗਾਰ ਦੀ ਕਮੀ ਆਉਣ ਕਰਕੇ ਸਟੱਡੀ ਵੀਜ਼ੇ 'ਤੇ ਗਏ ਬੱਚਿਆਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮਰਿਆਂ ਦਾ ਕਿਰਾਇਆ ਜ਼ਿਆਦਾ ਹੋਣ ਕਰਕੇ ਕੁਝ ਵਿਦਿਆਰਥੀ ਹਾਈਵੇ ਦੇ ਪੁਲ ਥੱਲੇ ਤੇ ਕੁਝ ਟੈਂਟ ਲਗਾ ਕੇ ਰਾਤ ਗੁਜਾਰਨ ਲਈ ਮਜ਼ਬੂਰ ਹਨ।
ਉਹਨਾਂ ਦੱਸਿਆ ਕਿ ਵਿਦੇਸ਼ਾਂ ਵਿਚ ਭਾਰਤੀਆਂ ਦੀ ਮੌਤ ਦੇ ਮਾਮਲਿਆਂ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਦਿਲ ਦਾ ਦੌਰਾ ਪੈਣਾ ਹੈ। ਉਹਨਾਂ ਦੱਸਿਆ ਕਿ ਸਾਡੇ ਨੌਜਵਾਨ ਪੰਜਾਬ ਤੋਂ ਜ਼ਮੀਨ ਗਹਿਣੇ ਧਰ ਕੇ ਜਾਂ ਵੇਚ ਕੇ ਕੈਨੇਡਾ ਚਲੇ ਜਾਂਦੇ ਹਨ, ਉਥੇ ਜਾ ਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਕਾਲਜ ਦੀਆਂ ਫ਼ੀਸਾਂ, ਕਮਰੇ ਦਾ ਕਿਰਾਇਆ, ਰੋਟੀ ਦਾ ਖਰਚਾ ਅਤੇ ਪੰਜਾਬ ਬੇਠੈ ਪਰਿਵਾਰ ਦੀ ਜ਼ਿੰਮੇਵਾਰੀ, ਜਿਸ ਕਰਕੇ ਸਾਡੇ ਬੱਚੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗਦੇ ਹਨ ਅਤੇ ਕਈ ਜ਼ਿਆਦਾ ਕੰਮ ਕਰਨ ਦੀ ਲਾਲਸਾ ਕਰਕੇ ਨਸ਼ਾ ਕਰਨ ਲੱਗ ਜਾਂਦੇ ਹਨ।
ਉਹਨਾਂ ਕਿਹਾ ਕਿ ਨਸ਼ੇ ਕਾਰਨ ਅਤੇ ਦਿਲ ਦਾ ਦੌਰਾ ਪੈਣ ਕਾਰਨ ਵਿਦੇਸ਼ਾਂ ਤੋਂ ਦੁਖਦਾਈ ਖਬਰਾਂ ਆ ਰਹੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਸਹਿਯੋਗ ਨਾਲ ਹੁਣ ਤੱਕ ਚਾਰ ਜਣਿਆਂ ਦਾ ਸਸਕਾਰ ਕੈਨੇਡਾ ਵਿਚ ਕਰ ਚੁੱਕੇ ਹਨ, ਜਿਨ੍ਹਾਂ ਵਿਚ ਇੱਕ ਲੜਕਾ ਯੂ.ਪੀ. ਨਾਲ ਸਬੰਧਤ ਸੀ ਅਤੇ ਸਾਲ 2023 ਦੌਰਾਨ ਕਰੀਬ 10 ਮ੍ਰਿਤਕ ਦੇਹਾਂ ਭਾਰਤ ਲਿਆ ਚੁੱਕੇ ਹਨ।
ਅਮਨਜੋਤ ਕੌਰ ਨੇ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਹੈ ਜੋ ਪਰਿਵਾਰ ਪੰਜਾਬ ਅੰਦਰ ਰਹਿ ਕੇ ਰੋਜ਼ੀ-ਰੋਟੀ ਕਮਾ ਸਕਦੇ ਹਨ, ਉਹ ਆਪਣੇ ਜਵਾਕਾਂ ਨੂੰ ਵਿਦੇਸ਼ ਨਾ ਭੇਜਣ ਅਤੇ ਖਾਸ ਕਰਕੇ ਨੌਜਵਾਨ ਲੜਕੀਆਂ ਨੂੰ ਇਕੱਲੇ ਵਿਦੇਸ਼ ਨਾ ਭੇਜਣ। ਸਾਡੀਆਂ ਧੀਆਂ ਨੂੰ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਸ਼ੌਂਕ ਨਾਲ ਬਾਹਰ ਚਲੇ ਜਾਂਦੇ ਹਨ, ਸੁਪਨੇ ਵੱਡੇ ਦੇਖਦੇ ਹਨ ਅਤੇ ਬਾਅਦ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ। ਉਨ੍ਹਾਂ ਧੀਆਂ ਅੱਗੇ ਖ਼ਾਸ ਅਪੀਲ ਕੀਤੀ ਕਿ ਟ੍ਰੈਵਲ ਏਜੰਟਾਂ ਮਗਰ ਲੱਗ ਕੇ ਉਹ ਦੁਬਈ, ਮਲੇਸ਼ੀਆ, ਇਰਾਕ, ਸਾਉਦੀ ਅਰਬ ਵਰਗੇ ਮੁਲਕਾਂ ਵਿੱਚ ਕਦੇ ਵੀ ਨਾ ਜਾਣ , ਉੱਥੇ ਉਨ੍ਹਾਂ ਨੂੰ ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।