ਦੂਜੇ ਇੰਟਰਵਿਊ ਦੀ ਜਾਂਚ ਰਾਜਸਥਾਨ ਖੁਦ ਕਰੇਗਾ
Lawrence Bishnoi interview Case : ਜੇਲ੍ਹ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਸਿੱਧਾ ਸਵਾਲ ਕੀਤਾ ਕਿ ਇੰਟਰਵਿਊ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ। ਇਸ 'ਤੇ ਸਰਕਾਰ ਨੇ ਕਿਹਾ ਕਿ ਸਾਡੇ ਕੋਲ ਤਾਂ ਇਸ ਮਾਮਲੇ ਦੀ ਰਿਪੋਰਟ ਵੀ ਨਹੀਂ ਸੀ।
ਇਸ ’ਤੇ ਅਦਾਲਤ ਨੇ ਕਿਹਾ ਕਿ ਪਿਛਲੇ ਹੁਕਮਾਂ ਵਿੱਚ ਦੱਸਿਆ ਗਿਆ ਸੀ ਕਿ ਪਹਿਲੀ ਇੰਟਰਵਿਊ ਸੀਆਈਏ ਖਰੜ ਵਿੱਚ ਹੋਈ ਸੀ। ਇਹ ਗੱਲ ਬਹੁਤ ਸਪੱਸ਼ਟ ਹੈ। ਤੁਸੀਂ ਜਿੰਮੇਵਾਰਾਂ ਖਿਲਾਫ ਕੀ ਕਾਰਵਾਈ ਕੀਤੀ? ਇਸ 'ਤੇ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ। ਜਿੰਮੇਵਾਰਾਂ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਅਗਲੀ ਸੁਣਵਾਈ 23 ਸਤੰਬਰ ਲਈ ਤੈਅ ਕੀਤੀ ਗਈ ਹੈ। ਇਸ ਦੌਰਾਨ ਸਰਕਾਰ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੇਗੀ।
ਜੈਮਰ ਲਗਾਉਣ ਵਿੱਚ ਮਦਦ ਕਰ ਰਿਹਾ ਕੇਂਦਰ
ਇਸ ਤੋਂ ਬਾਅਦ ਅਦਾਲਤ ਨੇ ਜੇਲ੍ਹਾਂ ਦੀ ਸੁਰੱਖਿਆ ਨਾਲ ਜੁੜੇ ਜੈਮਰਾਂ ਦੇ ਮੁੱਦੇ 'ਤੇ ਪੰਜਾਬ ਨੂੰ ਸਵਾਲ ਕੀਤਾ। ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਗ੍ਰਹਿ ਸਕੱਤਰ ਨੂੰ ਕਿਹਾ ਕਿ ਉਹ ਦੱਸਣ ਕਿ ਫੰਡ ਜਾਰੀ ਕਰਨ ਵਿੱਚ ਦੇਰੀ ਕਿਉਂ ਹੋ ਰਹੀ ਹੈ। ਇਸ 'ਤੇ ਉਨ੍ਹਾਂ ਦਾ ਜਵਾਬ ਸੀ ਕਿ ਹੁਣ ਇਸ ਕੰਮ 'ਚ ਕੋਈ ਦੇਰੀ ਨਹੀਂ ਹੋਵੇਗੀ। ਜੈਮਰਾਂ 'ਚ ਜੋ ਵੀ ਮਦਦ ਚਾਹੀਦੀ ਹੈ, ਉਹ ਕੇਂਦਰ ਸਰਕਾਰ ਵੱਲੋਂ ਕੀਤੀ ਜਾਵੇਗੀ। ਇਹ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਰਾਜਸਥਾਨ ਖੁਦ ਕਰੇ ਦੂਜੇ ਇੰਟਰਵਿਊ ਦੀ ਜਾਂਚ
ਰਾਜਸਥਾਨ ਜੇਲ 'ਚ ਹੋਈ ਇੰਟਰਵਿਊ ਮਾਮਲੇ 'ਚ ਰਾਜਸਥਾਨ ਸਰਕਾਰ ਦੀ ਤਰਫੋਂ ਏ.ਜੀ. ਪੇਸ਼ ਹੋਏ। ਅਦਾਲਤ ਦਾ ਕਹਿਣਾ ਹੈ ਕਿ ਰਾਜਸਥਾਨ ਨੂੰ ਇਸ ਮਾਮਲੇ ਦੀ ਖੁਦ ਜਾਂਚ ਕਰਨੀ ਚਾਹੀਦੀ ਹੈ। ਇਸ 'ਤੇ ਰਾਜਸਥਾਨ ਵੱਲੋਂ ਕਿਹਾ ਗਿਆ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਰਿਪੋਰਟ ਮਿਲੇਗੀ, ਅਸੀਂ ਜਾਂਚ ਸ਼ੁਰੂ ਕਰ ਦੇਵਾਂਗੇ।
ਜੇਲ੍ਹਾਂ ਦੀ ਸੁਰੱਖਿਆ 'ਤੇ ਕਰੋੜਾਂ ਦਾ ਖਰਚ
ਹਾਲਾਂਕਿ ਪਿਛਲੀ ਸੁਣਵਾਈ ਦੌਰਾਨ ਸਰਕਾਰ ਨੇ ਅਦਾਲਤ ਨੂੰ ਕਿਹਾ ਸੀ ਕਿ ਜੇਲ੍ਹਾਂ 'ਚ ਜੈਮਰ ਅਤੇ ਹੋਰ ਸੁਰੱਖਿਆ ਪ੍ਰਬੰਧਾਂ 'ਤੇ 600 ਕਰੋੜ ਰੁਪਏ ਦਾ ਖਰਚਾ ਆਵੇਗਾ। ਫੰਡਾਂ ਦਾ ਪ੍ਰਬੰਧ ਕਰਨ ਵਿੱਚ ਸਮਾਂ ਲੱਗ ਰਿਹਾ ਹੈ। ਅਜਿਹੇ 'ਚ ਸਰਕਾਰ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ। ਇਸ ਸਮੇਂ 15 ਜੇਲ੍ਹਾਂ ਵਿੱਚ ਘੱਟ ਪਾਵਰ ਵਾਲੇ ਜੈਮਰ ਲਗਾਏ ਗਏ ਹਨ। ਬਠਿੰਡਾ ਜੇਲ੍ਹ ਵਿੱਚ ਕਵਚ ਜੈਮਰ ਲਗਾਇਆ ਗਿਆ ਹੈ।