
Punjab Weather Update: ‘ਲਾ ਨੀਨਾ’ ਦੇ ਅਸਰ ਕਾਰਨ ਪਵੇਗੀ ਜ਼ਿਆਦਾ ਠੰਢ
Punjab Weather Update news: ਇਸ ਸਾਲ ਦੇ ਅੰਤ ਤਕ ਲਾ ਨੀਨਾ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ 60 ਫ਼ੀ ਸਦੀ ਸੰਭਾਵਨਾ ਹੈ, ਜਿਸ ਨਾਲ ਦੇਸ਼ ਦੇ ਉੱਤਰੀ ਹਿੱਸਿਆਂ ’ਚ ਹਾਲਾਤ ਆਮ ਨਾਲੋਂ ਠੰਢੇ ਹੋ ਜਾਣਗੇ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਦੀ ਗਲੋਬਲ ਆਬਜ਼ਰਵੇਟਰੀਜ਼ ਵਲੋਂ ਜਾਰੀ ਤਾਜ਼ਾ ਭਵਿੱਖਬਾਣੀ ਤੋਂ ਸੰਕੇਤ ਮਿਲਦਾ ਹੈ ਕਿ ਸਤੰਬਰ-ਨਵੰਬਰ 2024 ਦੌਰਾਨ ਲਾ ਨੀਨਾ ਸਥਿਤੀਆਂ ਤੋਂ ਮੌਜੂਦਾ ਨਿਰਪੱਖ ਸਥਿਤੀਆਂ (ਨਾ ਤਾਂ ਅਲ ਨੀਨੋ ਅਤੇ ਨਾ ਹੀ ਲਾ ਨੀਨਾ) ਦੇ ਬਦਲਣ ਦੀ 55 ਫ਼ੀ ਸਦੀ ਸੰਭਾਵਨਾ ਹੈ।
ਡਬਲਯੂ.ਐੱਮ.ਓ. ਨੇ ਕਿਹਾ, ‘‘ਅਕਤੂਬਰ 2024 ਤੋਂ ਫ਼ਰਵਰੀ 2025 ਤਕ, ਇਹ ਸੰਭਾਵਨਾ ਹੈ ਕਿ ਲਾ ਨੀਨਾ ਦੀ ਤੀਬਰਤਾ 60 ਫ਼ੀ ਸਦੀ ਤਕ ਵਧੇਗੀ ਅਤੇ ਇਸ ਸਮੇਂ ਦੌਰਾਨ ਅਲ ਨੀਨੋ ਦੇ ਮਜ਼ਬੂਤ ਹੋਣ ਦੀ ਸੰਭਾਵਨਾ ਜ਼ੀਰੋ ਹੈ।’’
‘ਲਾ ਨੀਨਾ’ ਦਾ ਮਤਲਬ ਮੱਧ ਅਤੇ ਪੂਰਬੀ ਭੂ-ਮੱਧ ਪ੍ਰਸ਼ਾਂਤ ਮਹਾਂਸਾਗਰ ’ਚ ਸਮੁੰਦਰੀ ਸਤਹ ਦੇ ਤਾਪਮਾਨ ’ਚ ਵੱਡੇ ਪੱਧਰ ’ਤੇ ਗਿਰਾਵਟ ਹੈ, ਜੋ ਕਿ ਹਵਾ, ਦਬਾਅ ਅਤੇ ਵਰਖਾ ਵਰਗੇ ਗਰਮ-ਖੰਡੀ ਵਾਯੂਮੰਡਲ ਦੇ ਸੰਚਾਰ ’ਚ ਤਬਦੀਲੀਆਂ ਨਾਲ ਜੁੜਿਆ ਹੋਇਆ ਹੈ।