
ਸੁਖਬੀਰ ਬਾਦਲ ਤਾਂ ਸਿਰਫ਼ ਵੋਟਾਂ ਦੀ ਖੇਤੀ ਕਰਦੈ, ਇਹ ਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ
ਦੋਦਾ (ਅਸ਼ੋਕ ਯਾਦਵ): ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਵਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖ਼ੁਦ ਇਸ ਨੂੰ ਕਿਸਾਨ ਮਾਰੂ ਦਸ ਰਹੇ ਹਨ।
Congress
ਭਗਵੰਤ ਮਾਨ ਨੇ ਸੁਖਬੀਰ ਬਾਦਲ 'ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿਚ ਪੜ੍ਹੇ ਹਨ। ਇਨ੍ਹਾਂ ਨੂੰ ਲੋਕਾਂ ਬਾਰੇ ਕੁੱਝ ਵੀ ਨਹੀਂ ਪਤਾ, ਇਨ੍ਹਾਂ ਨੂੰ ਸਿਰਫ਼ ਅਪਣੀਆਂ ਬਸਾਂ ਅਤੇ ਕਾਰੋਬਾਰਾ ਦਾ ਹੀ ਪਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ, ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬਸਾਂ ਅਤੇ ਇੰਨਾ ਕਾਰੋਬਾਰ ਬਣ ਗਿਆ।
Bhagwant Mann, Sukhbir Badal
ਉਨ੍ਹਾਂ ਕਿਹਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਹਨ, ਉਹ ਕਰਜ਼ਾਈ ਨੇ ਉਹ ਸੜਕਾਂ 'ਤੇ ਬੈਠੇ, ਉਹ ਟੋਲ ਪਲਾਜ਼ਿਆਂ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ਼ ਵੋਟਾਂ ਦੀ ਖੇਤੀ ਕਰਦੈ ਇਹ ਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿਲ ਪਾਸ ਕਰ ਕੇ ਪੰਗਾ ਲੈ ਲਿਆ। ਪੰਜਾਬ ਦੇ ਲੋਕ ਇਸ ਮਾਰੂ ਖੇਤੀ ਬਿੱਲਾਂ ਨੂੰ ਵਾਪਸ ਕਰਵਾ ਕੇ ਹਟਣਗੇ
captain Amarinder Singh
ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਰਦਿਆਂ ਕਿਹਾ ਕਿ ਕੈਪਟਨ ਕਾਰਪੋਰੇਟ ਘਰਾਣਿਆਂ ਦਾ ਸਾਥ ਦੇ ਰਹੇ ਹਨ, ਇਸ ਕਰ ਕੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਨਹੀਂ ਬੁਲਾ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ੇਸ਼ ਇਜਲਾਸ ਬੁਲਾਉਣਾ ਚਾਹੀਦਾ ਹੈ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਦਾ ਸਾਥ ਦੇਵੇਗੀ।