
ਜੇ ਤਿਉਹਾਰਾਂ 'ਚ ਲਾਪਰਵਾਹੀ ਵਰਤੀ ਤਾਂ ਕੋਰੋਨਾ ਮੁੜ ਖ਼ਤਰਨਾਕ ਹੋ ਜਾਵੇਗਾ
ਨਵੀਂ ਦਿੱਲੀ, 11 ਅਕਤੂਬਰ : ਦੇਸ਼ ਵਿਚ ਤਿਉਹਾਰਾਂ ਦਾ ਮੌਸਮ ਹੁਣ ਕਾਫ਼ੀ ਨੇੜੇ ਆ ਗਿਆ ਹੈ। ਅਗਲੇ ਹਫ਼ਤੇ ਤੋਂ ਨਰਾਤਿਆਂ ਸ਼ੁਰੂਆਤ ਦੇ ਨਾਲ ਹੀ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਆਉਣ ਵਾਲੇ ਸਮੇਂ 'ਚ ਦੁਸਹਿਰਾ, ਧਨਤੇਰਸ ਤੇ ਦੀਵਾਲੀ ਵਰਗੇ ਵੱਡੇ ਤਿਉਹਾਰ ਆਉਣ ਵਾਲੇ ਹਨ, ਜਿਨ੍ਹਾਂ ਵਿਚ ਲੋਕ ਸ਼ੌਪਿੰਗ ਕਰਨ ਲਈ ਘਰੋਂ ਬਾਹਰ ਨਿਕਲਦੇ ਹਨ। ਨਰਾਤੇ, ਦੁਰਗਾ ਪੂਜਾ, ਦੁਸਹਿਰਾ, ਦੀਵਾਲੀ, ਛਠ ਵਰਗੇ ਤਿਉਹਾਰਾਂ ਨੂੰ ਦੇਖਦੇ ਹੋਏ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ 'ਚ ਉਛਾਲ ਆਉਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਇਸੇ ਖਦਸ਼ੇ ਦੇ ਮੱਦੇਨਜ਼ਰ ਦੇਸ਼ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਐਤਵਾਰ ਨੂੰ ਜਨਤਾ ਨਾਲ ਸੰਵਾਦ ਕੀਤਾ ਹੈ। ਉਨ੍ਹਾਂ ਅੱਜ ਲੋਕਾਂ ਨੂੰ ਤਿਉਹਾਰਾਂ ਦੇ ਮੌਸਮ 'ਚ ਕੋਰੋਨਾ ਦੇ ਬਚਾਅ ਦੇ ਤਰੀਕੇ ਸਮਝਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਮੌਸਮ 'ਚ ਸਾਵਧਾਨੀ ਵਰਤਣ, ਨਹੀਂ ਤਾਂ ਕੋਰੋਨਾ ਮੁੜ ਖ਼ਤਰਨਾਕ ਹੋ ਜਾਵੇਗਾ। ਸੋਸ਼ਲ ਮੀਡੀਆ ਫਾਲੋਅਰਜ਼ ਦੇ ਨਾਲ ਸੰਡੇ ਸੰਵਾਦ ਪਲੇਟਫ਼ਾਰਮ 'ਤੇ ਚਰਚਾ ਦੌਰਾਨ ਸਿਹਤ ਮੰਤਰੀ ਨੇ ਤਿਉਹਾਰਾਂ ਦੇ ਮੌਸਮ 'ਚ ਕੋਰੋਨਾ ਤੋਂ ਕਿਵੇਂ ਬਚਿਆ ਜਾਵੇ, ਬਾਰੇ ਗੱਲਬਾਤ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਤੁਸੀਂ ਇਸ ਨੂੰ ਮੇਰੀ ਚਿਤਾਵਨੀ ਸਮਝ ਲੋ ਜਾਂ ਫਿਰ ਸਲਾਹ, ਪਰ ਜੇਕਰ ਤਿਉਹਾਰਾਂ ਦੌਰਾਨ ਲਾਪਰਵਾਹੀ ਵਰਤੀ ਤਾਂ ਨਤੀਜੇ ਚੰਗੇ ਨਹੀਂ ਹੋਣਗੇ। ਉਨ੍ਹਾਂ ਜਨਤਾ ਨੂੰ ਇਹ ਵੀ ਕਿਹਾ ਕਿ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨ ਅੰਦੋਲਨ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਤਿਉਹਾਰਾਂ ਦੇ ਮੌਸਮ 'ਚ ਸਾਨੂੰ ਚੌਕਸੀ ਵਰਤਣੀ ਪਵੇਗੀ। ਕਦੇ ਵੀ ਮਾਸਕ ਪਾਉਣਾ ਨਾ ਭੁੱਲੋ, ਵਾਰ-ਵਾਰ ਅਪਣੇ ਹੱਥ ਧੋਵੋ ਤੇ ਸਰੀਰਕ ਦੂਰੀ ਬਣਾਈ ਰੱਖੋ।
ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਦੀ ਪ੍ਰਧਾਨਗੀ ਵਾਲੀ ਮਾਹਿਰਾਂ ਦੀ ਕਮੇਟੀ ਨੇ ਇਸ ਵਿਸ਼ੇ 'ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਕਿਹਾ ਕਿ ਜੇਕਰ ਆਉਣ ਵਾਲੇ ਤਿਉਹਾਰਾਂ ਸਬੰਧੀ ਸਾਵਧਾਨੀ ਨਹੀਂ ਵਰਤੀ ਗਈ ਤਾਂ ਇਕੱਲੇ ਦਿੱਲੀ 'ਚ ਰੋਜ਼ਾਨਾ ਕੋਰੋਨਾ ਦੇ 15,000 ਨਵੇਂ ਮਾਮਲੇ ਆ ਸਕਦੇ ਹਨ। (ਪੀਟੀਆਈ)