
ਅਕਾਲੀ ਦਲ ਦਾ ਨਾਂ ਲਏ ਬਿਨਾਂ ਚੁਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਸ਼ੱਕ ਹੈ ਕਿ ਉਨ੍ਹਾਂ ਬਿਨਾਂ ਭਾਜਪਾ ਅਧੂਰੀ ਹੈ ਤਾਂ ਚੋਣਾਂ ਵੇਲੇ ਪਤਾ ਲੱਗ ਜਾਵੇਗਾ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੀ ਰਾਜਨੀਤੀ ਅੱਜ ਕਲ ਕੁੱਝ ਜ਼ਿਆਦਾ ਹੀ ਗਰਮਾਈ ਹੋਈ ਹੈ। ਜਿਥੇ ਸਿਆਸੀ ਆਗੂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ 'ਤੇ ਨਿਸ਼ਾਨੇ ਵਿੰਨ੍ਹ ਰਹੇ ਹਨ ਉਥੇ ਹੀ ਭਾਜਪਾ ਆਗੂ ਕੇਂਦਰ ਦਾ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ 'ਤੇ ਤੰਜ ਕਸਦਿਆਂ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁਘ ਨੇ ਇਨ੍ਹਾਂ ਪਾਰਟੀਆਂ 'ਤੇ ਕਿਸਾਨਾਂ ਦੇ ਬਹਾਨੇ ਸਿਆਸੀ ਰੋਟੀਆਂ ਸੇਕਣ ਦਾ ਦੋਸ਼ ਲਾਇਆ ਹੈ।
Manish Tiwari
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦੀ ਚੜ੍ਹਤ ਦੇਖ ਕੇ ਕੁੱਝ ਲੋਕ ਬੁਖਲਾਏ ਹੋਏ ਹਨ। ਅਕਾਲੀ ਦਲ ਦਾ ਨਾਂ ਲਏ ਬਿਨਾਂ ਚੁਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਸ਼ੱਕ ਹੈ ਕਿ ਉਨ੍ਹਾਂ ਬਿਨਾਂ ਭਾਜਪਾ ਅਧੂਰੀ ਹੈ ਤਾਂ ਚੋਣਾਂ ਵੇਲੇ ਪਤਾ ਲੱਗ ਜਾਵੇਗਾ। ਚੁਘ ਨੇ ਦਾਅਵਾ ਕੀਤਾ ਕਿ ਭਾਜਪਾ 117 ਸੀਟਾਂ 'ਤੇ ਇਕੱਲੀ ਚੋਣ ਲੜੇਗੀ ਤੇ ਵਿਰੋਧੀਆਂ ਦੇ ਭੁਲੇਖੇ ਕੱਢ ਦੇਵੇਗੀ। ਉਧਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਇਸ ਬਿਆਨ ਨੂੰ ਭਾਜਪਾ ਦੀ ਬੁਖਲਾਹਟ ਦਸਦਿਆਂ ਕਿਹਾ ਕਿ ਇਸ ਵੇਲੇ ਭਾਜਪਾ ਪੰਜਾਬ ਅੰਦਰੋਂ ਅਪਛਣਾ ਆਧਾਰ ਗਵਾ ਚੁਕੀ ਹੈ ਤੇ ਬਿਆਨਬਾਜੀਆਂ ਰਾਹੀਂ ਅਪਣੀ ਬੁਖਲਾਹਟ ਕੱਢ ਰਹੀ ਹੈ।
Tarun Chugh
ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ ਅਪਣੇ ਉਪਰ ਇੰਨਾ ਹੀ ਭਰੋਸਾ ਹੈ ਤਾਂ ਚੋਣਾਂ ਵੇਲੇ ਇਕੱਲੀ ਮੈਦਾਨ 'ਚ ਉਤਰੇ। ਅਕਾਲੀ ਦਲ ਵਲੋਂ ਭਾਜਪਾ ਦਾ ਸਾਥ ਛੱਡਣ ਸਬੰਧੀ ਤਿਵਾੜੀ ਨੇ ਕਿਹਾ ਕਿ ਦੋਹੇਂ ਪਾਰਟੀਆਂ ਲੋਕ ਦਿਖਾਵੇ ਲਈ ਨੂਰਾ ਕੁਸ਼ਤੀ ਖੇਡ ਰਹੀਆਂ ਹਨ ਤੇ ਅੰਦਰੋਂ ਮਿਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਥੋੜੇ ਸਮੇਂ ਬਾਅਦ ਅਕਾਲੀ ਮੋਦੀ ਦੀ ਵਜ਼ਾਰਤ 'ਚ ਸ਼ਾਮਲ ਹੋ ਜਾਣਗੇ।