
ਕਿਸਾਨਾਂ ਦਾ ਟੋਲ ਪਲਾਜ਼ੇ 'ਤੇ ਲੱਗਾ ਮੋਰਚਾ 11ਵੇਂ ਦਿਨ ਵੀ ਰਿਹਾ ਜਾਰੀ
ਮੋਰਚੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਕੀਤੀ ਸ਼ਮੂਲੀਅਤ, ਮੋਦੀ ਦਾ ਪੁਤਲਾ ਫੂਕਿਆ
ਤਲਵੰਡੀ ਭਾਈ, 11 ਅਕਤੂਬਰ (ਲਖਵਿੰਦਰ ਸਿੰਘ ਪੰਨੂੰ ਕਰਮੂੰਵਾਲਾ): ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਟੋਲ ਪਲਾਜ਼ਾ ਕੋਟਕ ਰੋਡ ਤੇ ਲੱਗਾ ਮੋਰਚਾ 11ਵਂੇ ਦਿਨ ਵੀ ਜਾਰੀ ਰਿਹਾ।
ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਨ ਲਈ ਪਹੁੰਚੇ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਨੇ ਆਖਿਆ ਕਿ ਇਸ ਵੇਲੇ ਸਰਕਾਰ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਆਉਣ ਦਾ ਹਵਾਲਾ ਦੇ ਰਹੀ ਹੈ। ਨਾਲ ਹੀ ਡੀ.ਏ.ਪੀ, ਯੂਰੀਆ ਅਤੇ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਦੀ ਗੱਲ ਆਖ ਕੇ ਕੂੜ-ਪ੍ਰਚਾਰ ਕਰ ਰਹੀ ਹੈ ਕਿ ਇਹ ਸੱਭ ਕਿਸਾਨ ਜਥੇਬੰਦੀਆਂ ਕਰ ਕੇ ਹੋ ਰਿਹਾ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਵਾਲੇ ਰੇਲਾਂ ਰੋਕੀ ਬੈਠੇ ਹਨ। ਇਸ ਤਰ੍ਹਾਂ ਦੇ ਪ੍ਰਚਾਰ ਦਾ ਇਕ ਹੀ ਮਤਲਬ ਹੈ ਕਿ ਆਮ ਲੋਕ ਇਹ ਸਮਝਣ ਕਿ ਜਥੇਬੰਦੀਆਂ ਕਰ ਕੇ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਪਰ ਇਹ ਪ੍ਰਚਾਰ ਕੋਰਾ ਝੂਠ ਹੈ ।
ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਾਲੀ ਮੀਟਿੰਗ ਵਿਚ ਹੀ ਐਲਾਨ ਕਰ ਦਿਤਾ ਸੀ ਕਿ ਮਾਲ ਗੱਡੀਆਂ ਨਹੀਂ ਰੋਕੀਆਂ ਜਾਣਗੀਆਂ। ਸਰਕਾਰ ਜਿਨ੍ਹਾਂ ਚੀਜ਼ਾਂ ਦੀ ਕਿੱਲਤ ਦੀ ਗੱਲ ਕਰ ਰਹੀ ਹੈ ਉਸ ਦਾ ਹੱਲ ਕਰਨ ਲਈ ਤੇ ਸਰਕਾਰ ਦੇ ਝੂਠੇ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਮਾਲ ਗੱਡੀਆਂ ਨੂੰ ਢਿੱਲ ਦਿਤੀ ਗਈ ਹੈ। 13 ਤਰੀਕ ਨੂੰ ਦੁਬਾਰਾ ਸਾਰੀਆਂ ਜਥੇਬੰਦੀਆਂ ਦੀ ਮੀਟਿਗ ਸੱਦੀ ਗਈ ਹੈ ਉਸ ਵਿਚ ਅਗਲੇ ਫ਼ੈਸਲੇ ਲਏ ਜਾਣਗੇ। ਅੱਜ ਚਲ ਰਹੇ ਮੋਰਚੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਵਿਚ ਕੇਂਦਰ ਦੀ ਮੋਦੀ ਹਕੂਮਤ ਦਾ ਪੁਤਲਾ ਫੂਕਿਆ ਗਿਆ। ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ, ਅਵਤਾਰ ਸਿੰਘ ਫੇਰੋਕੇ, ਜਗਰਾਜ ਸਿੰਘ ਫੇਰੋਕੇ ਅਤੇ ਗੁਰਪ੍ਰੀਤ ਫਰੀਦੇ ਵਾਲਾਂ, ਮੇਜਰ ਸਿੰਘ ਸਹਿਜਾਦੀ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰ ਕੇ ਕੇਂਦਰ ਸਰਕਾਰ ਵਿਰੁਧ ਭੜਾਸ ਕੱਢੀ।