
ਕਵਲਜੀਤ ਸਿੰਘ ਅਲੱਗ ਦੀ ਅੰਤਮ ਅਰਦਾਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ
ਨਵੀਂ ਦਿੱਲੀ, 11 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਅਤੇ ਉੱਘੇ ਸਮਾਜ ਸੇਵੀ ਕਵਲਜੀਤ ਸਿੰਘ ਅਲੱਗ ਅਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਹੋਇਆਂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਕ ਸ਼ਾਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਨਿਜੀ ਨਿਵਾਸ ਅਸਥਾਨ 'ਤੇ ਪੰਜਾਬੀ ਬਾਗ਼ ਵਿਖੇ ਪਾਇਆ ਗਿਆ, ਉਪਰੰਤ ਸ਼ਰਧਾਂਜਲੀ ਸਮਾਗਮ ਅਤੇ ਅੰਤਮ ਅਰਦਾਸ ਦਾ ਪ੍ਰੋਗਰਾਮ ਅੱਜ ਦਿੱਲੀ ਦੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਰਖਿਆ ਗਿਆ ਸੀ। ਕਵਲਜੀਤ ਸਿੰਘ ਅਲੱਗ ਦੀ ਅੰਤਮ ਅਰਦਾਸ ਮੌਕੇ ਪਰਵਾਰਕ ਮੈਂਬਰਾਂ, ਨਜ਼ਦੀਕੀ ਰਿਸਤੇਦਾਰਾਂ, ਦਿੱਲੀ ਦੇ ਕੋਨੇ-ਕੋਨੇ ਤੋਂ ਪੁਜੀਆਂ ਸਿੱਖ ਸੰਗਤਾਂ ਅਤੇ ਵੱਖ-ਵੱਖ ਨਾਮਵਰ ਹਸਤੀਆਂ ਨੇ ਸਿਰਕਤ ਕਰ ਕੇ ਅਪਣੀ ਹਾਜ਼ਰੀ ਲਗਵਾਈ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਮੌਕੇ ਭਾਈ ਅਮਰਦੀਪ ਸਿੰਘ ਪਟਿਆਲੇ ਵਾਲਿਆਂ ਦੇ ਰਾਗੀ ਜੱਥੇ ਨੇ ਵਿਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਗਿਆਨੀ ਹਰਦੇਵ ਸਿੰਘ ਹੈਡ ਗ੍ਰੰਥੀ ਗੁਰਦਵਾਰਾ ਰਕਾਬ ਗੰਜ ਸਹਿਬ ਨੇ ਉਨ੍ਹਾਂ (ਕਵਲਜੀਤ ਸਿੰਘ) ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਗਿਆਨੀ ਸੁਖਦਰਸ਼ਨ ਸਿੰਘ ਨੇ ਹੁਕਨਾਮਾ ਲੈਣ ਦੀ ਸੇਵਾ ਨਿਭਾਈ। ਉਪਰੋਕਤ ਸ਼ਰਧਾਂਜਲੀ ਪ੍ਰੋਗਰਾਮ 'ਚ ਦਿੱਲੀ ਸਰਕਾਰ ਦੇ ਅਹੁਦੇਦਾਰ, ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਬਖ਼ਸ਼ੀ ਪਰਮਜੀਤ ਸਿੰਘ, ਇਸਤਰੀ ਵਿੰਗ ਜਾਗੋ ਪਾਰਟੀ ਦੀ ਪ੍ਰਧਾਨ ਅਤੇ ਸਾਬਕਾ ਕੌਂਸਲਰ ਬੀਬੀ ਮਨਦੀਪ ਕੌਰ ਬਖ਼ਸ਼ੀ, ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸਾਬਕਾ ਵਿਧਾਇਕ ਹਰਸ਼ਰਨ ਸਿੰਘ ਬੱਲੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਤੇ ਉੱਘੇ ਸਮਾਜ ਸੇਵੀ ਰਜਿੰਦਰ ਸਿੰਘ ਚੱਡਾ ਬੜੂ ਸਾਹਿਬimage ਨੇ ਮਰਹੂਮ ਸ. ਕਵਲਜੀਤ ਸਿੰਘ ਅਲੱੱਗ ਵਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਦਿਆਂ ਉਨ੍ਹਾਂ ਪ੍ਰਤੀ ਸ਼ਰਧਾ ਦੇ ਫ਼ੁੱਲ ਭੇਟ ਕੀਤੇ।
ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸ਼੍ਰੋਮਣੀ ਗੁਰਦਵਾਰਾ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਗਿਆਨੀ ਰਣਜੀਤ ਸਿੰਘ, ਦਿੱਲੀ ਕਮੇਟੀ ਮੈਂਬਰ ਉਂਕਾਰ ਸਿੰਘ ਰਾਜਾ, ਬਖ਼ਸ਼ੀ ਅਮਨਜੀਤ ਸਿੰਘ, ਬਖਸ਼ੀ ਗੁਣਜੀਤ ਸਿੰਘ, ਤਰਨਪਾਲ ਸਿੰਘ ਸੇਠੀ, ਸੁਦੀਪ ਸਿੰਘ ਰਾਣੀ ਬਾਗ਼, ਇੰਦਰਜੀਤ ਸਿੰਘ ਮੌਂਟੀ, ਰਾਜਿੰਦਰ ਸਿੰਘ ਪਟੇਲ ਨਗਰ, ਤਜਿੰਦਰ ਸਿੰਘ ਭਾਟੀਆ ਤੋਂ ਇਲਾਵਾ ਬਹੁ ਗਿਣਤੀ ਵਿਚ ਸੰਗਤਾਂ ਨੇ ਪੁੱਜ ਕੇ ਆਪਣੀਆਂ ਹਾਜਰੀਆਂ ਲਗਵਾਈਆਂ। ਇਸ ਮੌਕੇ ਆਈਆਂ ਸਮੂਚੀਆਂ ਸੰਗਤਾਂ ਦਾ ਰਜਿੰਦਰ ਸਿੰਘ ਚੱਡਾ ਨੇ ਧਨਵਾਦ ਕੀਤਾ।
ਫੋਟੋ ਕੈਪਸ਼ਨ : ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਕਵਲਜੀਤ ਸਿੰਘ ਅਲੱਗ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਗੁਰਦਵਾਰਾ ਰਕਾਬ ਗੰਜ ਸਾਹਿਬ ਵਿੱਖੇ ਇਕਤਰ ਪ੍ਰਮੁੱਖ ਸਖਸ਼ੀਅਤਾਂ ਤੇ ਸੰਗਤਾਂ ਆਦਿ। (ਸੁਖਰਾਜ ਸਿੰਘ)
ਦਿੱਲੀ ਦੇ ਕੋਨੇ-ਕੋਨੇ ਤੋਂ ਨਾਮਵਰ ਹੱਸਤੀਆਂ ਨੇ ਸ਼ਮੂਲੀਅਤ ਕਰ ਕੇ ਲਗਵਾਈ ਅਪਣੀ ਹਾਜ਼ਰੀ