
ਜੰਮੂ-ਕਸ਼ਮੀਰ : ਪੁੰਛ 'ਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਪੰਜ ਜਵਾਨ ਸ਼ਹੀਦ
ਸ਼ਹੀਦ ਹੋਏ ਪੰਜ ਜਵਾਨਾਂ ਵਿਚੋਂ ਚਾਰ ਸਿੱਖ, ਤਿੰਨ ਪੰਜਾਬ ਤੋਂ
ਜੰਮੂ, 11 ਅਕਤੂਬਰ : ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿਚ ਸੋਮਵਾਰ ਨੂੰ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਅਤਿਵਾਦੀਆਂ ਨਾਲ ਹੋਈ ਗੋਲੀਬਾਰੀ 'ਚ ਇਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਮੇਤ ਫ਼ੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ | ਰਖਿਆ ਮੰਤਰਾਲੇ ਦੇ ਬੁਲਾਰੇ ਨੇ ਦਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖੁਫ਼ੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੰਕੋਟ ਦੇ ਡੀਕੇਜੀ ਦੇ ਨਜਦੀਕ ਇਕ ਪਿੰਡ ਵਿਚ ਇਹ ਕਾਰਵਾਈ ਸ਼ੁਰੂ ਕੀਤੀ ਗਈ | ਉਨ੍ਹਾਂ ਕਿਹਾ ਕਿ ਅਤਿਵਾਦੀਆਂ ਨੇ ਖੋਜ ਪਾਰਟੀਆਂ 'ਤੇ ਭਾਰੀ ਗੋਲੀਬਾਰੀ ਕੀਤੀ, ਜਿਸ ਦੇ ਨਤੀਜੇ ਵਜੋਂ ਜੇਸੀਓ ਅਤੇ ਚਾਰ ਹੋਰ ਫ਼ੌਜੀ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ | ਬਾਅਦ ਵਿਚ ਸਾਰੇ ਪੰਜ ਸੈਨਿਕਾਂ ਨੇ ਦਮ ਤੋੜ ਦਿਤਾ |
ਜੰਮੂ-ਕਸ਼ਮੀਰ ਦੇ ਪੁੰਛ ਵਿਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਪੰਜਾਬ ਦੇ 3 ਜਵਾਨ ਸ਼ਹੀਦ ਹੋਏ ਹਨ | ਇਸ ਮੁਠਭੇੜ ਵਿਚ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਪੱਚਰੰਡਾ ਦਾ ਜਵਾਨ ਗੱਜਣ ਸਿੰਘ ਸ਼ਹੀਦ ਹੋ ਗਿਆ | ਦੂਜਾ ਸ਼ਹੀਦ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਸੀੜਾ ਦਾ ਵਸਨੀਕ ਹੈ | ਮਿ੍ਤਕ ਸ਼ਹੀਦ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ | ਮਨਦੀਪ ਅਪਣੇ ਪਿੱਛੇ 2 ਲੜਕੇ ਛੱਡ ਗਿਆ ਹੈ | ਇਕ ਦੀ ਉਮਰ ਲਗਭਗ 3 ਸਾਲ ਹੈ ਤੇ ਦੂਜੇ ਦੀ ਉਮਰ 1 ਮਹੀਨੇ ਹੈ | ਮਨਦੀਪ 10 ਸਾਲ ਪਹਿਲਾਂ ਫ਼ੌਜ ਵਿਚ ਭਰਤੀ ਹੋਇਆ ਸੀ ਤੇ ਉਸ ਦੀ ਮਿ੍ਤਕ ਦੇਹ ਕਲ ਉਸ ਦੇ ਘਰ ਪਹੁੰਚਾਈ ਜਾਵੇਗੀ | ਤੀਜਾ ਸ਼ਹੀਦ ਜੋ ਅਤਿਵਾਦੀਆਂ ਨਾਲ ਲੋਹਾ ਲੈਂਦਾ ਹੋਇਆ ਸ਼ਹੀਦ ਹੋਇਆ, ਉਸ ਦੀ ਪਛਾਣ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਚੌਥੇ ਜਵਾਨ ਦੀ ਪਛਾਣ ਸਾਰਜ ਸਿੰਘ ਜੋ ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਸੀ ਵਜੋਂ ਹੋਈ ਹੈ |
ਸ਼ਹੀਦ ਹੋਏ ਪੰਜਵੇਂ ਜਵਾਨ ਦੀ ਪਛਾਣ ਕੇਰਲ ਦੇ ਵੈਸਾਖ ਐਚ ਵਜੋਂ ਹੋਈ | ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 4 ਅਤਿਵਾਦੀ ਸਰਹੱਦ ਪਾਰ ਕਰ ਕੇ ਪੁੰਛ ਪਹੁੰਚ ਗਏ ਸਨ ਅਤੇ ਉਸ ਤੋਂ ਬਾਅਦ ਕਸ਼ਮੀਰ ਘਾਟੀ ਲਈ ਰਵਾਨਾ ਹੋ ਗਏ ਸਨ | ਸੁਰੱਖਿਆ ਬਲਾਂ ਨੇ ਚਾਰ ਅਤਿਵਾਦੀਆਂ ਨੂੰ ਮੁਗ਼ਲ ਰੋਡ ਨੇੜੇ ਡੇਰਾ ਕੀ ਗਲੀ ਇਲਾਕੇ ਵਿਚ ਘੇਰ ਲਿਆ, ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ |
ਇਸ ਗੋਲੀਬਾਰੀ 'ਚ ਇਹ ਪੰਜ ਫ਼ੌਜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਪਰ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ | ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਖਬਰ ਲਿਖੇ ਜਾਣ ਤਕ ਘਟਨਾ ਸਥਾਨ 'ਤੇ ਮੁਕਾਬਲਾ ਜਾਰੀ ਹੈ | ਪੁੰਛ ਵਿਚ ਸ਼ਹੀਦ ਹੋਏ ਪੰਜ ਜਵਾਨਾਂ ਵਿਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਮਨਦੀਪ ਸਿੰਘ, ਗੱਜਣ ਸਿੰਘ, ਸਾਰਜ ਸਿੰਘ ਅਤੇ ਵੈਸਾਖ ਐਚ ਸ਼ਾਮਲ ਹਨ | ਇਸ ਘਟਨਾ ਵਿਚ ਲਗਭਗ ਚਾਰ ਅਤਿਵਾਦੀ ਸ਼ਾਮਲ ਸਨ | ਦੋ ਦਿਨ ਪਹਿਲਾਂ, ਚਾਰ -ਚਾਰ ਦੇ ਦੋ ਸਮੂਹਾਂ ਵਿਚ, ਇਹ ਲੋਕ ਘੁਸਪੈਠ ਕਰ ਕੇ ਭਾਰਤ ਦੀ ਸਰਹੱਦ ਤੇ ਪਹੁੰਚ ਗਏ ਸਨ | ਇਨ੍ਹਾਂ ਵਿਚੋਂ ਇਕ ਸਮੂਹ ਨੇ ਪਿਛਲੇ ਮਹੀਨੇ ਘੁਸਪੈਠ ਕੀਤੀ ਸੀ, ਜਿਸ ਵਿਚ ਥੰਨਮੰਡੀ ਖੇਤਰ ਵਿਚ ਦੋ ਅਤਿਵਾਦੀ ਮਾਰੇ ਗਏ ਸਨ, ਜਦੋਂ ਕਿ ਦੋ ਅਤਿਵਾਦੀ ਉਥੋਂ ਫਰਾਰ ਹੋ ਗਏ ਸਨ | ਇਨ੍ਹਾਂ ਚਾਰਾਂ ਅਤਿਵਾਦੀਆਂ ਦਾ ਇਕ ਸਮੂਹ ਸੋਮਵਾਰ ਨੂੰ ਪੁੰਛ ਅਤੇ ਰਾਜੌਰੀ ਦੇ ਵਿਚਕਾਰ ਪੈਂਦੇ ਡੇਰੇ ਦੀ ਗਲੀ ਨੂੰ ਪਾਰ ਕਰਦੇ ਹੋਏ ਬਾਫਲੀਆ ਪਹੁੰਚਿਆ ਸੀ |
ਤਲਾਸ਼ੀ ਮੁਹਿੰਮ ਸਾਰੀ ਰਾਤ ਜਾਰੀ ਰਹੀ ਅਤੇ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ, ਅਤਿਵਾਦੀਆਂ ਨੇ ਪਹਾੜੀ ਤੋਂ ਹੇਠਾਂ ਆ ਰਹੇ ਸੈਨਿਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ, ਜਿਸ ਵਿਚ ਪੰਜ ਫ਼ੌਜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ | (ਏਜੰਸੀ)