
ਫੂਡ ਵਿੰਗ ਦੇ ਅਧਿਕਾਰੀਆਂ ਨੇ ਲਏ 10 ਸੈਂਪਲ
ਲੁਧਿਆਣਾ: ਤਿਉਹਾਰਾਂ ਦੇ ਸੀਜ਼ਨ ਦੇ ਸਬੰਧ ਵਿੱਚ ਸਿਹਤ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਲਈ ਵੀ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਤਿਉਹਾਰਾਂ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ (ਫੂਡ) ਡਾ. ਹਰਜੋਤ ਪਾਲ ਸਿੰਘ ਦੀ ਅਗਵਾਈ ਹੇਠ ਫੂਡ ਸੇਫ਼ਟੀ ਅਫ਼ਸਰ ਰਾਜਦੀਪ ਪਲਾਹਾ, ਸੀਮਾ ਰਾਣੀ, ਸਰਬਜੀਤ ਕੌਰ ਦੀ ਟੀਮ ਵੱਲੋਂ ਮੰਗਲਵਾਰ ਨੂੰ ਵਿਸ਼ੇਸ਼ ਤੌਰ 'ਤੇ ਲੁਧਿਆਣਾ ਦੇ ਸ਼ਿਵਪੁਰੀ, ਲੱਕੜ ਬਾਜ਼ਾਰ, ਬੂਟੇਸ਼ਾਹ ਮੰਡੀ ਵਿਖੇ ਚੈਕਿੰਗ ਕੀਤੀ ਗਈ |
ਕੇਸਰਗੰਜ ਮੰਡੀ ਦੇ ਖੇਤਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਮਿਠਾਈ ਦੀਆਂ ਦੁਕਾਨਾਂ, ਡੇਅਰੀਆਂ ਅਤੇ ਸਰ੍ਹੋਂ ਦੇ ਤੇਲ ਦੇ ਪੈਕਰਾਂ ਦੀ ਚੈਕਿੰਗ ਕੀਤੀ ਗਈ ਅਤੇ ਦਸ ਸੈਂਪਲ ਭਰੇ ਗਏ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਭਿਨਵ ਤ੍ਰਿਖਾ ਨੇ ਸਾਰੇ ਜ਼ਿਲ੍ਹਿਆਂ ਵਿੱਚ ਸੁੱਕੇ ਮੇਵਿਆਂ ਦੀ ਗੁਣਵੱਤਾ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ਤੋਂ ਸੁੱਕੇ ਮੇਵੇ ਦੇ ਸੈਂਪਲ ਲੈਣੇ ਸ਼ੁਰੂ ਕਰ ਦਿੱਤੇ ਗਏ ਹਨ।
ਮੰਗਲਵਾਰ ਨੂੰ ਚੈਕਿੰਗ ਦੌਰਾਨ ਸੁੱਕੇ ਮੇਵੇ ਦੇ ਦੋ ਸੈਂਪਲ ਲਏ ਗਏ। ਇਸ ਤੋਂ ਇਲਾਵਾ ਸਰ੍ਹੋਂ ਦੇ ਤੇਲ, ਬਰਫ਼ੀ, ਪੇਡਾ, ਗੁਲਾਬ ਜਾਮੁਨ, ਦੇਸੀ ਘਿਓ, ਪਨੀਰ, ਪੇਠਾ ਦੇ ਦੋ ਸੈਂਪਲ ਲਏ ਗਏ। ਡਾ. ਹਰਜੋਤਪਾਲ ਸਿੰਘ ਨੇ ਮਿਠਾਈ ਵਪਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਕਿਹਾ ਕਿ ਉਹ ਮਠਿਆਈਆਂ ਵਿਚ ਰੰਗਾਂ ਦੀ ਵਰਤੋਂ ਨਾ ਕਰਨ ਪਰ ਜੇਕਰ ਉਹ ਰੰਗਾਂ ਦੀ ਵਰਤੋਂ ਵੀ ਕਰਨਾ ਚਾਹੁੰਦੇ ਹਨ ਤਾਂ ਫੂਡ ਗ੍ਰੇਡ ਉੱਚ ਗੁਣਵੱਤਾ ਵਾਲੇ ਰੰਗਾਂ ਦੀ ਵਰਤੋਂ ਬਹੁਤ ਹੀ ਸੀਮਤ ਮਾਤਰਾ ਵਿਚ ਕਰਨ |