
ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਮਨ ਮੁਟਾਵ ਖ਼ਤਮ ਨਹੀਂ ਹੋ ਰਿਹਾ
ਹੁਣ ਰਾਜਪਾਲ ਨੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵੀ.ਸੀ. ਦੀ ਨਿਯੁਕਤੀ ਵਿਚ ਪਾਇਆ ਅੜਿੱਕਾ
ਚੰਡੀਗੜ੍ਹ, 11 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦਰਮਿਆਨ ਪੈਦਾ ਹੋਇਆ ਮਨ ਮੁਟਾਵ ਖ਼ਤਮ ਨਹੀਂ ਹੋ ਰਿਹਾ | ਹੁਣ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵੀ.ਸੀ. ਦੀ ਨਿਯੁਕਤੀ ਦੀ ਫ਼ਾਈਲ ਰੋਕ ਦਿਤੀ ਹੈ | ਰਾਜਪਾਲ ਨੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਡਾ. ਗੁਰਪ੍ਰੀਤ ਸਿੰਘ ਵਾਂਡਰ ਦੀ ਵੀ.ਸੀ. ਵਜੋਂ ਨਿਯੁਕਤੀ ਦੀ ਫ਼ਾਈਲ ਉਪਰ ਇਤਰਾਜ਼ ਲਾਉਂਦੇ ਹੋਏ ਇਸ ਨੂੰ ਨਿਯਮਾਂ ਮੁਤਾਬਕ ਦਰੁਸਤ ਕਰ ਕੇ ਭੇਜਣ ਲਈ ਵਾਪਸ ਮੋੜ ਦਿਤਾ ਹੈ |
ਰਾਜਪਾਲ ਨੇ ਕਿਹਾ ਕਿ ਵੀ.ਸੀ. ਨਿਯੁਕਤੀ ਲਈ ਇਕੋ ਵਿਅਕਤੀ ਦਾ ਨਾਂ ਭੇਜਣਾ ਵਾਜਬ ਨਹੀਂ ਅਤੇ ਤਿੰਨ ਨਾਵਾਂ ਦਾ ਪੈਨਲ ਭੇਜਿਆ ਜਾਵੇ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਰਾਜ ਬਹਾਦਰ ਦੇ ਵਿਵਾਦ ਦੇ ਚਲਦੇ ਉਨ੍ਹਾਂ ਦੇ ਅਸਤੀਫ਼ੇ ਬਾਅਦ ਮੁੱਖ ਸਕੱਤਰ ਰਾਹੀਂ ਲੁਧਿਆਣਾ ਡੀ.ਐਮ.ਸੀ. ਦੇ ਡਾਕਟਰ ਵਾਂਡਰ ਦੀ ਹੋਰ ਨਾਵਾਂ 'ਤੇ ਵਿਚਾਰ ਬਾਅਦ ਨਿਯੁਕਤੀ ਦਾ ਐਲਾਨ ਕੀਤਾ ਸੀ | ਇਸ ਤੋਂ ਬਾਅਦ ਨਿਯੁਕਤੀ ਦੀ ਅੰਤਮ ਪ੍ਰਵਾਨਗੀ ਲਈ ਫ਼ਾਈਲ ਰਾਜਪਾਲ ਕੋਲ ਭੇਜੀ ਗਈ ਸੀ ਪਰ ਉਹ ਉਨ੍ਹਾਂ ਵਾਪਸ ਮੋੜ ਦਿਤੀ ਹੈ |