
"ਸ੍ਰੀ ਅਕਾਲ ਤਖ਼ਤ ਸਾਹਿਬ ਜਾਤੀਵਾਦ ਅਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੇ ਵਿਰੁੱਧ ਖੜ੍ਹਾ ਹੈ"
ਸ੍ਰੀ ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਿਆਣਾ ਦੇ ਆਈ.ਪੀ.ਐੱਸ ਅਫ਼ਸਰ ਵਾਈ ਪੂਰਨ ਕੁਮਾਰ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸੰਦੇਸ਼ ਦਿੱਤਾ ਹੈ ਕਿ ਸਿੱਖਾਂ ਦਾ ਸਰਬਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਤੀਵਾਦ ਅਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੇ ਵਿਰੁੱਧ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਦੇਸ਼ ਅੰਦਰ ਸਦੀਆਂ ਤੋਂ ਚੱਲਦੇ ਆ ਰਹੇ ਜਾਤੀਵਾਦ ਅਧਾਰਤ ਵਿਤਕਰੇ ਦੀ ਸਾਫ਼ ਝਲਕ ਹੀ ਹੈ ਅਤੇ ਇਸ ਦੀ ਜਿਤਨੀ ਨਿੰਦਾ ਕੀਤੀ ਜਾਵੇ ਉਤਨੀ ਘੱਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸੰਵਿਧਾਨ ਦੇ ਤਹਿਤ ਸਮੂਹ ਭਾਈਚਾਰਿਆਂ ਦੇ ਹੱਕ ਹਕੂਕ ਸੁਰੱਖਿਅਤ ਹੋਣ ਦੇ ਬਾਵਜੂਦ ਵੀ ਕਈਆਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੌਜੂਦਾ ਲੋੜ ਮਾਨਸਿਕਤਾ ਬਦਲਣ ਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਅਨੁਸਾਰ ਸਮੁੱਚੀ ਮਾਨਵਤਾ ਬਰਾਬਰ ਹੈ ਅਤੇ ਅੱਜ ਦੇ ਯੁੱਗ ਵਿੱਚ ਵੀ ਜਾਤੀਵਾਦ ਅਧਾਰਤ ਵਿਤਕਰੇ ਦੇ ਮਾਮਲੇ ਸਾਹਮਣੇ ਆਉਣਾ ਬੇਹੱਦ ਚਿੰਤਾਜਨਕ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਸਿੱਖ ਗੁਰੂ ਸਾਹਿਬਾਨ ਦੇ ਨਾਮ ਅਤੇ ਸਿਧਾਂਤ ਅਨੁਸਾਰ ਵੱਸਦੀ ਧਰਤੀ ਹੈ ਅਤੇ ਇੱਥੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਦੇ ਸਦਕਾ ਹੀ ਜਾਤੀਵਾਦ ਅਤੇ ਵਿਤਕਰੇ ਦੇ ਮਾਮਲੇ ਭਾਰਤ ਦੇ ਬਾਕੀ ਹਿੱਸਿਆਂ ਨਾਲੋਂ ਬੇਹੱਦ ਘੱਟ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਇਸ ਧਰਤੀ ਉੱਤੇ ਵਿਚਰ ਕੇ ਇਸ ਨੂੰ ਸਿੱਖੀ ਨਾਲ ਸਿੰਝਿਆ ਹੈ ਅਤੇ ਇੱਥੋਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸ੍ਰੀ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇੱਥੇ ਸਥਿਤ ਸਰੋਵਰ ਸਭ ਤੋਂ ਵੱਡੇ ਉਦਾਹਰਨ ਹਨ, ਜਿੱਥੇ ਦੇਸ਼ ਦੁਨੀਆ ਤੋਂ ਕੋਈ ਵੀ ਬਿਨਾ ਕਿਸੇ ਵਿਤਕਰੇ ਦੇ ਨਤਮਸਤਕ ਹੋ ਸਕਦਾ ਹੈ, ਇਸ਼ਨਾਨ ਕਰ ਸਕਦਾ ਹੈ ਅਤੇ ਸਮਾਨਤਾ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਪ੍ਰਸ਼ਾਦਾ ਛਕ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਸ਼ ਕੀਤਾ ਸਿੱਖੀ ਸਿਧਾਂਤ ਬਹੁਤ ਹੀ ਪਵਿੱਤਰ ਅਤੇ ਮਾਨਵਤਾ ਲਈ ਚਾਨਣ ਮੁਨਾਰਾ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਬੇਹੱਦ ਸੰਵੇਦਨਸ਼ੀਲ ਸਮਾਜਿਕ ਮਾਮਲਾ ਹੈ ਜਿਸ ਵਿਰੁੱਧ ਸਮਾਜ ਦੇ ਹਰ ਵਰਗ ਨੂੰ ਅਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੂਰੇ ਦੇਸ਼ ਲਈ ਇੱਕ ਉਦਾਹਰਨ ਹੈ, ਇਸ ਲਈ ਇੱਥੋਂ ਸਿੱਖੀ ਫ਼ਲਸਫ਼ੇ ਦਾ ਸੰਦੇਸ਼ ਪੂਰੇ ਭਾਰਤ ਵਿੱਚ ਲੈ ਕੇ ਜਾਣਾ ਚਾਹੀਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਪੰਜਾਬ ਅੰਦਰ ਸਿੱਖ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦੇ ਸਦਕਾ ਹੀ ਵੱਡੀ ਗਿਣਤੀ ਵਿੱਚ ਇੱਥੇ ਵੱਸਦਾ ਨੀਵੀਆਂ ਜਾਤਾਂ ਨਾਲ ਸਬੰਧਤ ਕਿਹਾ ਜਾਣ ਵਾਲਾ ਭਾਈਚਾਰਾ ਸਿੱਖੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਸਿੱਖੀ ਨਾਲ ਜੁੜੇ ਇਨ੍ਹਾਂ ਭਾਈਚਾਰਿਆਂ ਨੂੰ ਸਿੱਖੀ ਤੋਂ ਤੋੜਨ ਲਈ ਨਫ਼ਰਤੀ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਜੋ ਕਿ ਅਜਿਹੀਆਂ ਹੀ ਸ਼ਕਤੀਆਂ ਵੱਲੋਂ ਹੀ ਕੀਤਾ ਜਾ ਰਿਹਾ ਹੈ ਜਿਹੜੀਆਂ ਆਈ.ਪੀ.ਐੱਸ ਵਾਈ ਪੂਰਨ ਕੁਮਾਰ ਵਿਰੁੱਧ ਜਾਤੀਵਾਦ ਵਿੱਚ ਸ਼ਾਮਲ ਹਨ ਅਤੇ ਇਸ ਦਾ ਹਿੱਸਾ ਸੂਬੇ ਅੰਦਰ ਧਰਮ ਪਰਿਵਰਤਨ ਕਰਨ ਵਾਲੀ ਬ੍ਰਿਗੇਡ ਤੇ ਨਕਲੀ ਪਾਸਟਰ ਵੀ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਮੇਂ ਦੀ ਲੋੜ ਇਕਜੁੱਟਤਾ ਨਾਲ ਜਾਤੀਵਾਦੀ ਵਿਤਕਰੇ ਖ਼ਿਲਾਫ਼ ਲੜਨ ਅਤੇ ਗਲਤ ਬਿਰਤਾਂਤ ਤੇ ਨਫ਼ਰਤੀ ਪ੍ਰਾਪੇਗੰਡਾ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਜਦੋਂ ਵੀ ਪੰਜਾਬ ਅੰਦਰ ਕੋਈ ਨੀਵੀਆਂ ਜਾਤਾਂ (ਸਿੱਖੀ ਸਭ ਨੂੰ ਬਰਾਬਰ ਮੰਨਦੀ ਹੈ) ਨਾਲ ਸਬੰਧਤ ਕਹੇ ਜਾਣ ਵਾਲੇ ਭਾਈਚਾਰਿਆਂ ਨੂੰ ਸਿੱਖੀ ਨਾਲੋਂ ਦੂਰ ਕਰਨ ਅਤੇ ਵੱਖ ਦਿਖਾਉਣ ਦੀ ਕੋਸ਼ਿਸ਼ ਜਾਂ ਸਾਜ਼ਸ਼ ਕਰੇ ਤਾਂ ਅਜਿਹੀਆਂ ਸ਼ਕਤੀਆਂ ਤੇ ਅਨਸਰਾਂ ਨੂੰ ਨਸ਼ਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹਰ ਤਰ੍ਹਾਂ ਦੇ ਜਾਤੀਵਾਦੀ ਵਿਤਕਰੇ ਦੇ ਵਿਰੁੱਧ ਖੜ੍ਹਾ ਹੈ ਅਤੇ ਸਿੱਖ ਇਸ ਤਹਿਤ ਹੋਣ ਵਾਲੇ ਤਸ਼ੱਦਦ ਅਤੇ ਅਤਿਆਚਾਰ ਦਾ ਹਮੇਸ਼ਾ ਹੀ ਸਖ਼ਤ ਵਿਰੋਧ ਕਰਨਗੇ।