
ਜੀ. ਆਰ. ਪੀ. ਨੇ ਕਾਰਵਾਈ ਕਰਦਿਆਂ ਲਾਸ਼ ਕਬਜ਼ੇ 'ਚ ਲੈ ਲਈ
ਸੁਨਾਮ - ਬੀਤੀ ਰਾਤ ਸੁਨਾਮ ਰੇਲਵੇ ਸਟੇਸ਼ਨ ਨੇੜੇ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਜੀ. ਆਰ. ਪੀ. ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਨਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਕਰੀਬ ਸਾਢੇ 9 ਵਜੇ ਖ਼ਬਰ ਮਿਲੀ ਸੀ ਕਿ ਰੇਲਵੇ ਸਟੇਸ਼ਨ ਨੇੜੇ ਓਲੰਪਿਕ ਸਟੇਡੀਅਮ ਦੇ ਸਾਹਮਣੇ ਰੇਲ ਪਟੜੀ ਤੋਂ ਹਟ ਕੇ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ 'ਤੇ ਜੀ. ਆਰ. ਪੀ. ਨੇ ਕਾਰਵਾਈ ਕਰਦਿਆਂ ਲਾਸ਼ ਕਬਜ਼ੇ 'ਚ ਲੈ ਲਈ ਅਤੇ ਜਿਸ ਦੀ ਪਹਿਚਾਣ ਗੁਰਸੇਵਕ ਸਿੰਘ (29) ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਦੋਦੜਾ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।
Gursewak Singh
ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੀ ਸੱਟ ਦਾ ਕੋਈ ਨਿਸ਼ਾਨ ਨਹੀਂ ਹੈ ਅਤੇ ਮ੍ਰਿਤਕ ਦੇ ਨਸ਼ਾ ਕਰਨ ਬਾਰੇ ਪਤਾ ਚੱਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਕਿਹਾ ਕਿ ਜੀ. ਆਰ. ਪੀ. ਵਲੋਂ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।