
ਹਿੰਦੂਤਵ ਨੂੰ ਦਸਿਆ ਆਈ.ਐਸ.ਆਈ.ਐਸ. ਅਤੇ
ਨਵੀਂ ਦਿੱਲੀ, 11 ਨਵੰਬਰ : ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖ਼ੁਰਸ਼ੀਦ ਨੇ ਹਾਲ ਹੀ ਵਿਚ ਅਪਣੀ ਕਿਤਾਬ ‘‘ਸਨਰਾਈਜ਼ ਓਵਰ ਆਯੋਧਿਆ’’ ਰਿਲੀਜ਼ ਕੀਤੀ ਹੈ ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਇਸ ਕਿਤਾਬ ਦੇ ਕੁੁੱਝ ਅੰਸ਼ ਕਾਫ਼ੀ ਚਰਚਾ ਵਿਚ ਹਨ। ਵਿਵਾਦ ਕਿਤਾਬ ਦੇ ਇਕ ਸਫ਼ੇ ’ਤੇ ਹਿੰਦੂਤਵ ਨਾਲ ਜੁੜੀ ਇਕ ਲਾਈਨ ਬਾਰੇ ਹੈ।
ਬੀਜੇਪੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਕੁੱਝ ਨੇਤਾਵਾਂ ਦਾ ਦੋਸ਼ ਹੈ ਕਿ ਕਿਤਾਬ ਵਿਚ ਹਿੰਦੂਤਵ ਸੰਦਰਭ ਦੀ ਤੁਲਨਾ ਜਿਹਾਦੀ ਗੁਟ ਆਈ.ਐਸ.ਆਈ.ਐਸ. ਅਤੇ ਬੋਕੋ ਹਰਾਮ ਨਾਲ ਕੀਤੀ ਗਈ ਹੈ। ਸਲਮਾਨ ਖ਼ੁਰਸ਼ਦੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਿਤਾਬ ਵਿਚ ‘‘ਹਿੰਦੂ ਧਰਮ’’ ਨੂੰ ਨਹੀਂ ‘‘ਹਿੰਦੂਤਵ’’ ਨੂੰ ਅਤਿਵਾਦੀ ਸੰਗਠਨਾਂ ਨਾਲ ਜੋੜਿਆ ਹੈ। ਕਿਤਾਬ ਵਿਚ ਹਿੰਦੂ ਧਰਮ ਬਾਰੇ ਬਹੁਤ ਕੁੱਝ ਚੰਗਾ ਲਿਖਿਆ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੀ ਪੂਰੀ ਕਿਤਾਬ ਪੜ੍ਹਨ। ਸਲਮਾਨ ਖ਼ੁਰਸ਼ੀਦ ਨੇ ਅਪਣੀ ਕਿਤਾਬ ਵਿਚ ਲਿਖਿਆ, ‘‘ਭਾਰਤ ਦੇ ਸਾਧੂ ਸੰਤ ਸਦੀਆਂ ਤੋਂ ਜਿਸ ਸਨਾਤਨ ਧਰਮ ਅਤੇ ਮੂਲ ਹਿੰਦੂਤਵ ਦੀ ਗੱਲ ਕਰਦੇ ਆ ਰਹੇ ਹਨ, ਅੱਜ ਉਸ ਨੂੰ ਕੱਟੜ ਹਿੰਦੂਤਵ ਰਾਹੀਂ ਦਰਕਿਨਾਰ ਕੀਤਾ ਜਾ ਰਿਹਾ ਹੈ। ਅੱਜ ਹਿੰਤੂਤਵ ਦਾ ਇਕ ਅਜਿਹਾ ਸਿਆਸੀ ਅਕਸ ਪੈਦਾ ਹੋ ਰਿਹਾ ਹੈ, ਜਿਹੜਾ ਇਸਲਾਮੀ ਜਿਹਾਦੀ ਸੰਗਠਨਾਂ ਆਈ.ਐਸ.ਆਈ.ਐਸ. ਅਤੇ ਬੋਕੋ ਹਰਾਮ ਵਰਗਾ ਹੈ।’’ ਇਸ ਟਿਪਣੀ ਤੋਂ ਬਾਅਦ ਬੀਜੇਪੀ ਅਤੇ ਵੀਐਚਪੀ ਨਾਲ ਜੁੜੇ ਕੁੱਝ ਨੇਤਾਵਾਂ ਨੇ ਇਸ ਬਾਰੇ ਇਤਰਾਜ਼ ਕੀਤਾ ਹੈ। ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ, ਮਹਿੰਦਰ ਨਾਥ ਪਾਂਡੇ, ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਅਤੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਸ ਬਾਰੇ ਅਪਣੀ ਸਖ਼ਤ ਪ੍ਰਤੀਕ੍ਰਿਰਿਆ ਦਿਤੀ ਹੈ। ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਇਹ ਕਾਂਗਰਸੀ ਨੇਤਾਵਾਂ ਦੀ ਅਗਿਆਨਤਾ ਨੂੰ ਵਿਖਾਉਂਦਾ ਹੈ। ਉਹ ਖ਼ੁਦ ਨੂੰ ਧਰਮ ਨਿਰਪੱਖ ਕਹਿੰਦੇ ਹਨ। ਉਨ੍ਹਾਂ ਨੂੰ ਹਿੰਦੂਤਵ ਦਾ ਗਿਆਨ ਨਹੀਂ। ਕਦੇ ਉਸ ਨੂੰ ਅਤਿਵਾਦ ਨਾਲ ਜੋੜਦੇ ਹਨ ਅਤੇ ਕਦੇ ਤਾਲਿਬਾਨ ਨਾਲ ਤੁਲਨਾ ਕਰਦੇ ਹਨ। ਇਹ ਸਾਰੀਆਂ ਬੇਵਕੂਫ਼ਾਂ ਵਾਲੀਆਂ ਗੱਲਾਂ ਹਨ।
ਕੇਂਦਰੀ ਮੰਤਰੀ ਮਹਿੰਦਰ ਨਾਥ ਪਾਂਡੇ ਨੇ ਕਿਹਾ ਕਿ ਸਲਮਾਨ ਖ਼ੁਰਸ਼ੀਦ ਦੀ ਸੋਚ ਛੋਟੀ ਅਤੇ ਫ਼ਿਰਕੂ ਹੈ। ਅਪਣੀ ਸਿਆਸੀ ਹੋਂਦ ਬਚਾਉਣ ਲਈ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ। ਵੀਐਚਪੀ ਨੇਤਾ ਸੁਰੇਂਦ ਜੈਨ ਨੇ ਕਿਹਾ ਕਿ ਹਿੰਦੂਤਵ ਦੀ ਚੜ੍ਹਤ ਕਾਰਨ ਅੱਜ ਪੂਰਾ ਦੇਸ਼ ਫ਼ਖ਼ਰ ਮਹਿਸੂਸ ਕਰ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਜਿਹੜੇ ਲੋਕਾਂ ਦੀ ਰਾਜਨੀਤੀ ਹਿੰਦੂ ਸਮਾਜ ਨੂੰ ਏਨੇ ਸਾਲਾਂ ਤਕ ਅਪਮਾਨਤ ਕਰ ਕੇ ਚਲਦੀ ਰਹੀ ਹੈ, ਉਨ੍ਹਾਂ ਨੇ ਹਿੰਦੂ ਅਤਿਵਾਦ ਸ਼ਬਦ ਨੂੰ ਅੱਗੇ ਵਧਾਇਆ। ਜਿਹੜੇ ਲੋਕਾਂ ਨੇ ਸਿੰਮੀ ਦੀ ਵਕਾਲਤ ਕੀਤੀ, ਅਜਿਹੇ ਲੋਕਾਂ ਨੂੰ ਹਿੰਦੂਤਵ ਦੀ ਚੜ੍ਹਤ ਹਜ਼ਮ ਨਹੀਂ ਹੋ ਰਹੀ। ਹੁਣ ਉਨ੍ਹਾਂ ਦੀ ਵੋਟ ਬੈਂਕ ਦੀ ਰਾਜਨੀਤੀ ਦਾ ਅੰਤ ਹੋ ਰਿਹਾ ਹੈ। ਬੀਜੇਪੀ ਆਈ.ਟੀ. ਸੈਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕਰ ਕੇ ਲਿਖਿਆ, ‘‘ਸਲਮਾਨ ਖ਼ੁਰਸ਼ੀਦ ਨੇ ਅਪਣੀ ਨਵੀਂ ਕਿਤਾਬ ਵਿਚ ਹਿੰਦੂਤਵ ਦੀ ਤੁਲਨਾ ਜਿਹਾਦੀ ਇਸਲਾਮਿਕ ਗੁਟ ਆਈ.ਐਸ.ਆਈ.ਐਸ. ਅਤੇ ਬੋਕੋ ਹਰਮ ਨਾਲ ਕੀਤੀ ਹੈ।’’ ਹੁਣ ਮਹਾਰਾਸ਼ਟਰ ਸਰਕਾਰ ਵਿਚ ਕਾਂਗਰਸ ਦੀ ਭਾਈਵਾਲ ਸ਼ਿਵ ਸੈਨਾ ਨੈ ਵੀ ਸਲਮਾਨ ਖ਼ੁਰਸ਼ੀਦ ’ਤੇ ਨਿਸ਼ਾਨਾ ਸਾਧਿਆ ਹੈ। ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਟਵੀਟ ਕਰ ਕੇ ਕਿਹਾ ਕਿ ਸਲਮਾਨ ਖ਼ੁਰਸ਼ੀਦ ਨੇ ਹਿੰਦੂ ਧਰਮ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਖ਼ੁਰਸ਼ੀਦ ਦੀ ਕਿਤਾਬ ਆਯੋਧਿਆ ਵਿਵਾਦ ਅਤੇ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਬਾਰੇ ਹੈ। ਉਨ੍ਹਾਂ ਨੇ ਇਸ ਫ਼ੈਸਲੇ ਨੂੰ ਚੰਗਾ ਫ਼ੈਸਲਾ ਦਸਦਿਆਂ ਲਿਖਿਆ ਹੈ ਕਿ ਕਿਵੇਂ ਇਸ ਮੁਕਾਮ ਤਕ ਪਹੁੰਚਿਆ ਗਿਆ। ਕਿਤਾਬ ਲਿਖਣ ਦੀ ਮੰਨਸ਼ਾ ਨੂੰ ਜ਼ਾਹਰ ਕਰਦਿਆਂ ਸਲਮਾਨ ਖ਼ੁਰਸ਼ੀਦ ਨੇ ਖ਼ਬਰ ਏਜੰਸੀ ਨੂੰ ਕਿਹਾ, ‘‘ਲੋਕਾਂ ਨੂੰ ਲਗਦਾ ਸੀ ਕਿ 100 ਸਾਲ ਲਗਣਗੇ, ਫ਼ੈਸਲਾ ਆਉਣ ਵਿਚ। ਫਿਰ ਲੋਕਾਂ ਨੂੰ ਲੱਗਾ ਕਿ ਫ਼ੈਸਲਾ ਤਾਂ ਬਹੁਤ ਜਲਦੀ ਆਇਆ ਹੈ। ਹੁਣ ਜਦ ਫ਼ੈਸਲਾ ਆ ਗਿਆ ਹੈ, ਬਹੁਤ ਲੰਮਾ ਫ਼ੈਸਲਾ ਸੀ। 1500 ਸਫ਼ੇ ਮੈਂ ਪੜ੍ਹੇ ਅਤੇ ਫਿਰ ਦੋਬਾਰਾ ਪੜ੍ਹੇ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਜਦ ਤਕ ਲੋਕ ਇਸ ਫ਼ੈਸਲੇ ਨੂੰ ਬਿਨਾਂ ਪੜ੍ਹੇ ਅਪਣੀ ਰਾਏ ਦੇਣ ਲੱਗ ਪਏ। ਕੁੱਝ ਕਹਿ ਰਹੇ ਸਨ, ‘‘ਮੈਨੂੰ ਚੰਗਾ ਨਹੀਂ ਲੱਗਾ ਕਿ ਤੁਸੀਂ ਮਸਜਿਦ ਨਹੀਂ ਬਣਨ ਦਿਤੀ, ਕੁੱਝ ਨੇ ਕਿਹਾ ਕਿ ਮੈਨੂੰ ਚੰਗਾ ਨਹੀਂ ਲੱਗਾ ਕਿ ਤੁਸੀਂ ਮੰਦਰ ਬਣਵਾ ਦਿਤਾ। ਪਰ ਕਿਸੇ ਨੇ ਪੜਿ੍ਹਆ ਨਹੀਂ, ਸਮਝ ਨਹੀਂ ਆਈ ਕਿ ਸੁਪਰੀਮ ਕੋਰਟ ਨੇ ਕੀ ਕਿਹਾ? ਕਿਉਂ ਕੀਤਾ? ਕਿਵੇਂ ਕੀਤਾ? ਇਸ ਲਈ ਮੇਰਾ ਇੲ ਫ਼ਰਜ਼ ਬਣਦਾ ਹੈ ਕਿ ਇਸ ਫ਼ੈਸਲੇ ਨੂੰ ਸਮਝਾਵਾਂ। ਮੈਂ ਇਸ ਅਦਾਲਤ ਨਾਲ ਸਬੰਧ ਰਖਦਾ ਹਾਂ। ਲੋਕਾਂ ਨੂੰ ਦੱਸਾਂ ਕਿ ਫ਼ੈਸਲੇ ਵਿਚ ਕੋਈ ਖ਼ਾਮੀ ਹੈ ਜਾਂ ਨਹੀਂ? ਮੈਂ ਮੰਨਿਆ ਕਿ ਇਹ ਚੰਗਾ ਫ਼ੈਸਲਾ ਹੈ। ਅੱਜ ਦੇ ਹਾਲਾਤ ਜੋ ਦੇਸ਼ ਵਿਚ ਹਨ, ਉਸ ਵਿਚ ਮੱਲ੍ਹਮ ਲਗਾਉਣ ਦਾ ਇਕ ਰਸਤਾ ਹੈ, ਅਤੇ ਅਜਿਹੀ ਘਟਨਾ ਫਿਰ ਨਾ ਵਾਪਰੇ, ਇਸ ਦੀ ਇਕ ਕੋਸ਼ਿਸ਼ ਹੈ।’’