
ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਨੂੰ ਦੱਸਿਆ ਤਰੱਕੀ ਦਾ ਗੁਰ-ਮੰਤਰ
ਪਿੰਡ ਪਹੁੰਚਣ 'ਤੇ ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਦਾ ਹੋਇਆ ਭਰਵਾਂ ਸਵਾਗਤ
ਬਟਾਲਾ : ਬਟਾਲਾ ਅਧੀਨ ਪੈਂਦੇ ਸਰਹੱਦੀ ਪਿੰਡ ਮਰੜ ਦੇ ਪੁੱਤਰ ਮਨਜਿੰਦਰ ਸਿੰਘ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਜਨਰਲ ਦੇ ਅਹੁਦੇ 'ਤੇ ਪਹੁੰਚ ਕੇ ਪਿੰਡ ਦਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਪਿੰਡ ਪਹੁੰਚਣ 'ਤੇ ਲੈਫ਼ਟੀਨੈਂਟ ਜਨਰਲ ਮਨਜਿੰਦਰ ਸਿੰਘ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡ ਪਹੁੰਚਣ ਤੇ ਉਹਨਾਂ ਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਅਤੇ ਪਿੰਡ ਵਾਸੀਆਂ ਦੇ ਸਵਾਗਤ ਨਾਲ ਉਹਨਾਂ ਦੀ ਛਾਤੀ ਹੋਰ ਚੋੜੀ ਹੋ ਗਈ ਹੈ।
ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਸੈਨਿਕ ਸਕੂਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਸੀ ਤੇ ਉਹੀ ਉਨ੍ਹ ਦੇ ਜੀਵਨ ਦਾ ਵੱਡਾ ਮੋੜ ਸੀ। ਉਨ੍ਹਾਂ ਮਿਹਨਤ ਨਾਲ ਆਪਣੀ ਪੜ੍ਹਾਈ ਵਿਚ ਵੀ ਮੈਰਿਟ ਹਾਸਿਲ ਕੀਤੀ ਅਤੇ ਨਾਲ ਹੀ ਹਾਕੀ ਖੇਡ ਵਿੱਚ ਵੀ ਨਾਮਣਾ ਖੱਟਿਆ।ਮਿਹਨਤ ਸਦਕੇ ਉਹ ਪੌੜੀ ਦਰ ਪੌੜੀ ਚੜਦੇ ਹੋਏ ਅੱਜ ਲੈਫਟੀਨੈਂਟ ਜਨਰਲ ਦੇ ਅਹੁਦੇ ਤੱਕ ਪਹੁੰਚੇ ਹਨ। ਉਨ੍ਹਾਂ ਅੱਜ ਦੇ ਨੌਜਵਾਨਾਂ ਨੂੰ ਸੇਧ ਦਿੰਦਿਆਂ ਦੱਸਿਆ ਕਿ ਇਮਾਨਦਾਰੀ, ਦ੍ਰਿੜਤਾ ਅਤੇ ਸਖਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ।
ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਦੱਸਿਆ ਕਿ ਉਨ੍ਹਾਂ ਦੀ ਪੋਸਟਿੰਗ ਜੀ ਓ ਸੀ 16 ਕੋਰ ਜੰਮੂ ਵਿਖੇ ਹੈ ਅਤੇ ਉਨ੍ਹਾਂ ਦੀ ਰੈਜੀਮੈਂਟ ਦੇ ਅੰਡਰ ਜੰਮੂ ਦੇ 10 ਜ਼ਿਲ੍ਹੇ ਅਤੇ 250 ਕਿਲੋਮੀਟਰ ਤਕ ਦੀ ਐਲ ਸੀ ਲਾਈਨ ਆਉਂਦੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜੰਮੂ ਦੇ ਡਿਸਟਰਬ ਇਲਾਕੇ ਉਨ੍ਹਾਂ ਦੇ ਅਧੀਨ ਪੈਂਦੇ ਹਨ ਪਰ ਹੁਣ ਜੰਮੂ ਦੇ ਲੋਕ ਅੱਤਵਾਦ ਤੋਂ ਦੂਰੀ ਬਣਾ ਚੁੱਕੇ ਹਨ ਜਿਵੇਂ ਪੰਜਾਬ ਵਿੱਚ ਉਸ ਵੇਲੇ ਲੋਕਾਂ ਨੇ ਅੱਤਵਾਦ ਤੋਂ ਦੂਰੀ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਜੰਮੂ ਦੇ ਲੋਕ ਹੁਣ ਆਰਮੀ ਦੇ ਨਾਲ ਹਨ ਇਸੇ ਲਈ ਹੁਣ ਉਥੇ ਮਾਹੌਲ ਸ਼ਾਂਤਮਈ ਹੈ ਅਤੇ ਫੌਜ ਇਸ ਸ਼ਾਂਤਮਈ ਮਾਹੌਲ ਨੂੰ ਦੁਬਾਰਾ ਖਰਾਬ ਨਹੀਂ ਹੋਣ ਦੇਵੇਗੀ।