ਬੰਦੀ ਸਿੰਖਾਂ ਦੀ ਰਿਹਾਈ ਨੂੰ ਲੈ ਕੇ ਵੀ ਦਿੱਤੀ ਪ੍ਰਤੀਕਿਰਿਆ
ਚੰਡੀਗੜ੍ਹ - ਰਾਜੀਵ ਗਾਂਧੀ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਦੀ ਰਿਹਾਈ ਨੂੰ ਲੈ ਕੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇਹ ਬਿਆਨ ਦਿੱਤਾ ਸੀ ਕਿ ਸਰਕਾਰ ਸਿੱਖਾਂ ਤੇ ਦੋਸ਼ੀਆਂ ਲਈ ਦੋਹਰੇ ਮਾਪਦੰਡ ਵਰਤ ਰਹੀ ਹੈ ਕਿਉਂਕਿ ਦੋਸ਼ੀਆਂ ਨੂੰ ਤਾਂ ਸਰਕਾਰ ਨੇ ਰਿਹਾਅ ਕਰ ਦਿੱਤਾ ਹੈ ਪਰ ਜਿਹੜੇ ਬੰਦੀ ਸਿੱਖਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਸਰਕਾਰ ਨੇ ਪੈਰੋਲ ਤੱਕ ਨਹੀਂ ਦਿੱਤੀ।
ਜਿਸ ਤੋਂ ਬਾਅਦ ਉਹਨਾਂ ਦੇ ਇਸ ਬਿਆਨ 'ਤੇ ਰਵਨੀਤ ਬਿੱਟੂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਬਿਕਰਮ ਮਜੀਠੀਆ ਨੇ ਬਿਆਨ ਦਿੱਤਾ ਕਿ ਸਿੱਖਾਂ ਲਈ ਦੂਹਰੇ ਮਾਪਦੰਡ ਨੇ ਕਾਨੂੰਨ ਦੇ ਪਰ ਉਹ ਮੈਨੂੰ ਇਹ ਦੱਸਣ ਕਿ ਫਿਰ ਉਹ ਆਪ ਵੀ ਤਾਂ ਸਿੱਖ ਨੇ ਤਾਂ ਇਹਨਾਂ ਦੀ ਜ਼ਮਾਨਤ ਕਿਵੇਂ ਹੋ ਗਈ। ਇਹ ਤਰੀਕਾ ਦੱਸ ਦੇਣ ਕਿ ਉਹ ਖ਼ੁਦ ਕਿਵੇਂ ਬਾਹਰ ਆਏ ਨੇ ਜੇਲ੍ਹ ਤੋਂ ਤੇ ਓਹੀ ਤਰੀਕੇ ਨਾਲ ਰਾਜੋਆਣਾ ਨੂੰ ਬਾਹਰ ਕੱਢ ਲੈਣ। ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਦੂਜੀ ਗੱਲ ਇਹ ਕਰਦੇ ਨੇ ਪੈਰੋਲ ਦੀ ਜੋ ਕਿ ਮਜੀਠੀਆ ਨੂੰ ਹਾਲੇ ਸਜ਼ਾ ਹੋਣੀ ਬਾਕੀ ਹੈ।
ਉਹਨਾਂ ਕਿਹਾ ਕਿ ਜਦੋਂ ਇਹਨਾਂ ਨੂੰ ਸਜ਼ਾ ਹੋਈ ਉਹਦੋਂ ਉਹ ਖ਼ੁਦ ਪੈਰੋਲ ਦੇ ਕਾਨੂੰਨ ਸਮਝਣਗੇ। ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੈ ਅਤੇ ਮੌਤ ਦੀ ਸਜ਼ਾ ਵਾਲੇ ਨੂੰ ਪੈਰੋਲ ਦੀ ਆਗਿਆ ਕਾਨੂੰਨ ਨਹੀਂ ਦਿੰਦਾ ਹੈ ਪਰ ਫਿਰ ਵੀ ਇਹ ਕਹਿੰਦੇ ਨੇ ਕਿ 28 ਸਾਲ ਹੋ ਗਏ ਜੇਲ੍ਹ ਵਿਚ ਪਰ ਸਰਕਾਰ ਪੈਰੋਲ ਨਹੀਂ ਦਿੰਦੀ। ਉਹਨਾਂ ਕਿਹਾ ਕਿ ਬਿਕਰਮ ਮਜੀਠੀਆ ਦੱਸ ਦੇਣ ਕਿ 28 ਵਿਚੋਂ 10 ਸਾਲ ਤਾਂ ਇਹ ਸਰਕਾਰ ਵਿਚ ਸਨ ਤੇ ਉਦੋਂ ਪੈਰੋਲ ਦੇਣੀ ਕਿਉਂ ਨਹੀਂ ਯਾਦ ਆਈ। ਉਹਨਾਂ ਕਿਹਾ ਕਿ ਮਜੀਠੀਆ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਸੋਚ ਸਿਰਫ਼ ਘਟੀਆ ਰਾਜਨੀਤੀ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਹੈ।