
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੀਤੀ ਜਾਵੇਗੀ ਕਾਰਵਾਈ- ਪੁਲਿਸ ਨੇ ਦਿੱਤਾ ਭਰੋਸਾ
ਫਗਵਾੜਾ : ਇਥੇ ਸਿਵਲ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਟਰੇਨ ਹਾਦਸੇ ਵਿੱਚ ਗੰਭੀਰ ਜ਼ਖਮੀ ਹਾਲਤ ਵਿੱਚ ਆਏ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਗੁਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰਨਾ ਲੋਕਾਂ ਨੇ ਡਿਊਟੀ 'ਤੇ ਤੈਨਾਤ ਡਾਕਟਰ ਆਸ਼ੀਸ਼ ਜੇਤਲੀ ਦੀ ਜਮ ਕੇ ਕੁੱਟਮਾਰ ਕਰ ਦਿੱਤੀ। ਜਿਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਵੱਲੌਂ ਹਸਪਤਾਲ ਵਿਖੇ ਧਰਨਾ ਪ੍ਰਦਰਸ਼ਨ ਕਰਦਿਆ ਜਮ ਕੇ ਨਾਹਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆ ਡਾਕਟਰ ਆਸ਼ੀਸ਼ ਜੇਤਲੀ ਨੇ ਦੱਸਿਆ ਕਿ ਉਸ ਦੀ ਰਾਤ ਦੀ ਡਿਊਟੀ ਸੀ ਤੇ ਸਵੇਰੇ ਸਮੇਂ ਕਰੀਬ 8 ਵਜੇ ਦੇ ਦਰਮਿਆਨ ਟਰੇਨ ਦੀ ਫੇਟ ਵੱਜਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋਏ ਅਨੁਜ ਸਿੰਘ ਨਾਮ ਦੇ ਨੌਜਵਾਨ ਨੂੰ ਕੱਝ ਵਿਅਕਤੀ ਹਸਪਤਾਲ ਵਿਖੇ ਲੈ ਕੇ ਆਏ। ਮਰੀਜ ਦੀ ਹਾਲਤ ਗੰਭੀਰ ਸੀ ਜਿਸ ਬਾਰੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਵੀ ਕਰਵਾਇਆ।
ਉਨ੍ਹਾਂ ਨੇ ਕਿਹਾ ਕਿ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਹੈ ਉਸ ਨੂੰ ਹਾਇਰ ਸੈਂਟਰ ਲੈ ਜਾਓ। ਡਾਕਟਰਾਂ ਨੇ ਦੱਸਿਆ ਕਿ ਜਦੋਂ ਉਹ ਮਰੀਜ ਦੇ ਸਿਰ ਵਿਚ ਟਾਂਕੇ ਲਗਾ ਰਹੇ ਸਨ ਤਾਂ ਮਰੀਜ਼ ਦੀ ਇਲਾਜ ਦੌਰਾਨ ਹੀ ਮੌਤ ਹੋ ਗਈ ਜਿਸ ਨੂੰ ਉਨਾਂ ਵੱਲੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਉਨਾਂ ਨਾਲ ਕੁਝ ਹੋਰ ਵਿਅਕਤੀਆਂ ਨੇ ਉਸ ਨਾਲ ਦੌਰਾਨ ਡਿਊਟੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।
ਉਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਕਮ ਨਿਗਮ ਕਮਿਸ਼ਨਰ ਮੈਡਮ ਨੈਯਣ ਜੱਸਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਹਸਪਤਾਲ ਦੇ ਸਟਾਫ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਾਰਕੁੱਟ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਭਰੋਸਾ ਦਿਤੇ ਜਾਣ ਮਗਰੋਂ ਧਰਨਾ ਖਤਮ ਕਰਵਾਇਆ ਗਿਆ ਹੈ।