Punjab News: ਖੇਤਾਂ ’ਚੋਂ ਪਰਾਲੀ ਦੀਆਂ ਗੱਠਾਂ ਲੈ ਕੇ ਪਰਤ ਰਿਹਾ ਸੀ ਮ੍ਰਿਤਕ
Punjab News: ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਖੁੰਡੇ ਹਲਾਲ ਵਿੱਚ ਲੰਘੀ ਰਾਤ ਪੌਣੇ 9 ਵਜੇ ਦੇ ਕਰੀਬ ਖੇਤਾਂ ਵਿੱਚੋਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰ ਕੇ ਟਰੈਕਟਰ ਰਾਹੀਂ ਲਿੰਕ ਸੜਕ ’ਤੇ ਚੜ ਰਹੇ ਟਰੈਕਟਰ ਉੱਪਰ ਅਚਾਨਕ ਬਿਜਲੀ ਦੀ ਤਾਰ ਡਿੱਗਣ ਨਾਲ ਟਰੈਕਟਰ ਸਵਾਰ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ।
ਜਿਸ ਵਿੱਚੋਂ ਦੋ ਭੈਣਾਂ ਅਤੇ ਇੱਕ ਭਰਾ ਦਾ ਸਹਾਰਾ, 21 ਸਾਲਾਂ ਦਾ ਨੌਜਵਾਨ ਮਜ਼ਦੂਰ ਆਕਾਸ਼ਦੀਪ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਸ ਹਾਦਸੇ ਵਿੱਚ ਜ਼ਖਮੀ ਦੂਜੇ ਦੋ ਨੌਜਵਾਨਾਂ ਹਸਪਤਾਲ ਵਿੱਚੋਂ ਛੁੱਟੀ ਮਿਲ ਚੁੱਕੀ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ, ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਨੌਜਵਾਨ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪ੍ਰੰਤੂ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਮੰਗ ਕੀਤੀ ਹੈ, ਕਿਉਂਕਿ ਆਕਾਸ਼ਦੀਪ ਪਰਿਵਾਰ ਦਾ ਕਮਾਊ ਪੁੱਤ ਸੀ।