53000 ਤੋਂ ਘਟਾ ਕੇ 20,500 ਰੁਪਏ ਕੀਤੀ ਫ਼ੀਸ, ਫ਼ੀਸ ਭਰਨ ਦੀ ਤਰੀਕ ’ਚ ਵੀ ਕੀਤਾ ਵਾਧਾ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਵੱਡਾ ਫ਼ੈਸਲਾ ਲਿਆ ਹੈ। ਯੂਨੀਵਰਸਿਟੀ ਨੇ ‘ਗੋਲਡਨ ਚਾਂਸ’ ਫ਼ੀਸ ਵਿਚ 65 ਫ਼ੀ ਸਦੀ ਦੀ ਕਟੌਤੀ ਕੀਤੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਫਾਰਮ ਭਰਨ ਦੀ ਆਖ਼ਰੀ ਤਰੀਕ ਵਿਚ ਵੀ ਵਾਧਾ ਕਰ ਦਿੱਤਾ ਹੈ। ਯੂਨੀਵਰਸਿਟੀ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਵਿਦਿਆਰਥੀ ਪਹਿਲਾਂ ਤੈਅ ਫੀਸ ਅਨੁਸਾਰ ਇਸ ਵਿਸ਼ੇਸ਼ ਮੌਕੇ ਲਈ ਫੀਸ ਭਰ ਚੁੱਕੇ ਹਨ ਉਨ੍ਹਾਂ ਦੀ ਵਾਧੂ ਫੀਸ ਵੀ ਵਾਪਸ ਕਰ ਦਿੱਤੀ ਜਾਵੇਗੀ।
ਯੂਨੀਵਰਸਿਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 2011 ਤੋਂ ਬਾਅਦ ਵਾਲੇ ਵਿਦਿਆਰਥੀਆਂ ਨੂੰ ਰੀ-ਅਪੀਅਰ ਦੇ ਮੌਕੇ ਤਹਿਤ 53 ਹਜ਼ਾਰ ਰੁਪਏ ਫੀਸ ਤੈਅ ਕੀਤੀ ਸੀ, ਜਿਸ ਨੂੰ ਲੈ ਕੇ ਵਿਦਿਆਰਥੀਆ ’ਚ ਰੋਸ ਸੀ। ਜਿਸ ਤੋਂ ਬਾਅਦ ਯੂਨੀਵਰਸਿਟੀ ਨੇ ਫੀਸ ਵਿਚ ਵੱਡੀ ਰਾਹਤ ਦੇ ਦਿੱਤੀ ਹੈ। ‘ਗੋਲਡਨ ਚਾਂਸ’ ਦੀ ਫੀਸ ਸਬੰਧੀ ਕਮੇਟੀ ਦੀ ਸੋਮਵਾਰ ਨੂੰ ਵਾਈਸ ਚਾਂਸਲਰ ਦੀ ਅਗਵਾਈ ’ਚ ਮੀਟਿੰਗ ਹੋਈ, ਜਿਸ ਵਿਚ ਪਹਿਲਾਂ ਨਿਰਧਾਰਤ ਫੀਸ 53 ਹਜ਼ਾਰ ਰੁਪਏ ਤੋਂ ਘੱਟ ਕਰ ਕੇ 17,500 ਤੇ 3,000 ਸਣੇ ਕੁੱਲ ਫੀਸ 20,500 ਰੁਪਏ ਕਰ ਦਿੱਤੀ ਗਈ ਹੈ।
ਗੋਲਡਨ ਚਾਂਸ ਲਈ ਫਾਰਮ ਭਰਨ ਦੀ ਆਖ਼ਰੀ ਤਰੀਕ 15 ਨਵੰਬਰ ਤੋਂ ਵਧਾ ਕੇ 21 ਨਵੰਬਰ ਕਰ ਦਿੱਤੀ ਗਈ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਵਿਦਿਆਰਥੀਆ ਨੇ ਇਸ ਚਾਂਸ ਲਈ ਆਪਣੀ ਫੀਸ ਪਹਿਲਾਂ ਨਿਰਧਾਰਤ ਫੀਸ ਮੁਤਾਬਕ ਭਰ ਦਿੱਤੀ ਹੈ, ਉਹ ਆਪਣੀ ਫੀਸ ਰਿਫੰਡ ਕਰਨ ਲਈ 15 ਦਸੰਬਰ 2025 ਤੱਕ ਲੋੜੀਦੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ, ਜਿਸ ਤੋਂ ਬਾਅਦ ਫੀਸ ਰਿਫੰਡ ਹੋ ਜਾਵੇਗੀ। ਇਸ ਦੇ ਨਾਲ ਸਾਲਾਨਾ ਪ੍ਰਣਾਲੀ ਅਧੀਨ ਆਉਂਦੇ ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਲਾਭ ਦੇਣ ਸਬੰਧੀ ਫ਼ੈਸਲਾ 15 ਜਨਵਰੀ 2026 ਤੋਂ ਬਾਅਦ ਦੱਸ ਦਿੱਤਾ ਜਾਵੇਗਾ। ਵਾਈਸ ਚਾਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ‘ਗੋਲਡਨ ਚਾਂਸ’ ਨੂੰ ਪੂਰਨ ਤੌਰ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆਂ ਕੁਲ ਫੀਸ ਵਿਚੋਂ ਸਿਰਫ਼ 35 ਫ਼ੀਸਦੀ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਯੂਨੀਵਰਸਿਟੀ ਹਮੇਸ਼ਾ ਵਿਦਿਆਰਥੀਆਂ ਦੇ ਹਿੱਤ ਵਿਚ ਹੀ ਫ਼ੈਸਲਾ ਕਰਦੀ ਹੈ। ਭਾਵੇਂ ਕਿ ਗੋਲਡਨ ਚਾਂਸ ਸਬੰਧੀ ਫੀਸ ਕਾਫੀ ਸਾਲ ਪਹਿਲਾਂ ਤੋਂ ਤੈਅ ਸੀ ਪਰ ਇਸ ਵਾਰ ਫੀਸ ’ਚ ਵੱਡੀ ਕਟੌਤੀ ਕਰਕੇ ਵਿਦਿਆਰਥੀਆਂ ਲਈ ਇਕ ਹੋਰ ਪਹਿਲਕਦਮੀ ਕੀਤੀ ਗਈ ਹੈ।
