
ਪੰਜਾਬ ਕੈਬਨਿਟ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੇ ਮੱਦੇਨਜਰ ਜੇਲ੍ਹਾਂ...
ਚੰਡੀਗੜ੍ਹ (ਸਸਸ) : ਪੰਜਾਬ ਕੈਬਨਿਟ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੇ ਮੱਦੇਨਜਰ ਜੇਲ੍ਹਾਂ ਵਿਚ ਚੰਗੇ ਸੁਭਾਅ ਅਤੇ ਚੰਗੇ ਚਾਲ ਚਲਣ ਵਾਲੇ ਕੈਦੀਆਂ ਨੂੰ ਨਿਯਮਿਤ ਪੈਰੋਲ 3 ਹਫ਼ਤੇ ਨੂੰ ਵਧਾ ਕੇ 4 ਹਫ਼ਤੇ ਅਤੇ ਇਕ ਸਾਲ ਵਿਚ ਕੁੱਲ ਪੈਰੋਲ 12 ਹਫ਼ਤਿਆਂ ਤੋਂ ਵਧਾ ਕੇ 16 ਹਫ਼ਤੇ ਕਰ ਦਿਤੀ ਹੈ। ਇਹ ਫ਼ੈਸਲਾ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਕੈਬਨਿਟ ਦੀ ਬੈਠਕ ਦੇ ਦੌਰਾਨ ਲਿਆ ਗਿਆ।
ਕੈਬਨਿਟ ਨੇ ਪੰਜਾਬ ਗੁੱਡ ਕੰਡਕਟ ਪ੍ਰੀਜ਼ਨਰਸ (ਟੈਂਪਰੇਰੀ ਰਿਲੀਜ਼) ਐਕਟ, 1962 ਦੇ ਸੈਕਸ਼ਨ 3 ਦੇ ਸਬ ਸੈਕਸ਼ਨ 2 ਵਿਚ ਸੰਸ਼ੋਧਨ ਨੂੰ ਮਨਜ਼ੂਰੀ ਦਿਤੀ ਹੈ। ਇਸ ਸਬੰਧ ਵਿਚ ਬਿਲ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿਚ ਪੇਸ਼ ਕਰਨ ਦੀ ਵੀ ਮਨਜ਼ੂਰੀ ਦਿਤੀ ਗਈ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਚੰਗੇ ਚਾਲ ਚਲਣ ਵਾਲੇ ਕੈਦੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ 16 ਹਫ਼ਤਿਆਂ ਦੀ ਲਗਾਤਾਰ ਪੈਰੋਲ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਕਦਮ ਨਾਲ ਬਾਕੀ ਕੈਦੀਆਂ ਨੂੰ ਵੀ ਜੇਲ੍ਹਾਂ ਵਿਚ ਅਨੁਸ਼ਾਸਨ ਕਾਇਮ ਰੱਖਣ ਦੇ ਪ੍ਰਤੀ ਪ੍ਰੋਤਸਾਹਨ ਮਿਲੇਗਾ। ਗੌਰਤਲਬ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੈਦੀਆਂ ਦੇ ਜੇਲ੍ਹ ਵਿਚ ਚੰਗੇ ਸੁਭਾਅ ਅਤੇ ਅਨੁਸ਼ਾਸਨ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਪੰਜਾਬ ਗੁੱਡ ਕੰਡਕਟ ਪ੍ਰੀਜ਼ਨਰਸ (ਟੈਂਪਰੇਰੀ ਰਿਲੀਜ਼) ਐਕਟ, 1962 ਵਿਚ ਦਰਜ ਨਿਯਮਾਂ ਦੇ ਮੁਤਾਬਕ ਪੈਰੋਲ ਦਿਤੀ ਜਾਂਦੀ ਹੈ।
ਇਹ ਪੇਰੋਲ ਕੈਦੀ ਦੇ ਪਰਵਾਰਕ ਮੈਂਬਰ ਦੀ ਮੌਤ ਹੋਣ ‘ਤੇ 15 ਦਿਨ ਦੀ ਹੁੰਦੀ ਹੈ। ਇਸ ਐਕਟ ਵਿਚ ਮਹਿਲਾ ਕੈਦੀ ਨੂੰ ਬੱਚੇ ਦੇ ਜਨਮ ਲਈ 120 ਦਿਨਾਂ ਦੀ ਪੈਰੋਲ ਦੇਣ ਦਾ ਵੀ ਨਿਰਦੇਸ਼ ਹੈ। ਇਸ ਤੋਂ ਇਲਾਵਾ ਕੈਦੀਆਂ ਦੇ ਬੱਚਿਆਂ ਦੇ ਵਿਆਹ, ਖੇਤੀਬਾੜੀ, ਪਰਵਾਰਕ ਮੈਂਬਰਾਂ ਦੇ ਐਕਸੀਡੈਂਟ, ਪਰਵਾਰਕ ਮੈਂਬਰਾਂ ਦੇ ਗੰਭੀਰ ਰੋਗ, ਪਤਨੀ ਦੀ ਡਿਲੀਵਰੀ ਅਤੇ ਕੁਦਰਤੀ ਆਫਤਾਂ ਦੇ ਕਾਰਨ ਪਰਵਾਰਕ ਮੈਂਬਰ ਜਾਂ ਉਸ ਦੀ ਜ਼ਾਇਦਾਦ ਦਾ ਨੁਕਸਾਨ ਹੋਣ ਉਤੇ ਛੇ ਹਫ਼ਤਿਆਂ ਦੀ ਪੈਰੋਲ ਦੇਣ ਦਾ ਨਿਰਦੇਸ਼ ਹੈ।
ਇਹ ਪੇਰੋਲ ਹੁਣ ਸਾਲ ਵਿਚ ਵੱਧ ਤੋਂ ਵੱਧ 16 ਹਫ਼ਤਿਆਂ ਤੱਕ ਮਿਲੇਗੀ, ਜੋ ਤਿਮਾਹੀ ਆਧਾਰ ਉਤੇ ਹੋਵੇਗੀ।