ਕਿਸਾਨ ਆਗੂਆਂ 'ਤੇ ਫੁਟਿਆ ਰਵਨੀਤ ਬਿੱਟੂ ਦਾ ਗੁਸਾ, ਕਿਹਾ, ਕਿਸਾਨ ਆਗੂਆਂ ਦਾ ਨਹੀਂ, ਕਿਸਾਨਾਂ ਦਾ ਸੰਘ
Published : Dec 12, 2020, 1:57 am IST
Updated : Dec 12, 2020, 1:57 am IST
SHARE ARTICLE
image
image

ਕਿਸਾਨ ਆਗੂਆਂ 'ਤੇ ਫੁਟਿਆ ਰਵਨੀਤ ਬਿੱਟੂ ਦਾ ਗੁਸਾ, ਕਿਹਾ, ਕਿਸਾਨ ਆਗੂਆਂ ਦਾ ਨਹੀਂ, ਕਿਸਾਨਾਂ ਦਾ ਸੰਘਰਸ਼ ਹੈ

ਕਿਸਾਨ ਹਰ ਪਾਰਟੀ ਨੂੰ ਵੋਟ ਪਾਉਦਾਂ ਹੈ ਤੇ ਹਰ ਪਾਰਟੀ ਨਾਲ ਜੁੜਿਆ ਹੋਇਆ ਹੈ

ਨਵੀਂ ਦਿੱਲੀ, 11 ਦਸੰਬਰ (ਨਿਮਰਤ ਕੌਰ) : ਦਿੱਲੀ ਵਿਖੇ ਧਰਨਾ ਲਾਈ ਬੈਠੇ ਕਿਸਾਨ ਅਤੇ ਕੇਂਦਰ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਿਹਾ ਖਿੱਚੋਤਾਣ ਆਖ਼ਰੀ ਦੌਰ 'ਚ ਪਹੁੰਚ ਚੁੱਕਾ ਹੈ। ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਹਨ ਜਦਕਿ ਸਰਕਾਰ ਕਾਨੂੰਨਾਂ 'ਚ ਸੋਧ ਕਰਨ 'ਤੇ ਅੜ ਗਈ ਹੈ। ਦੋਵੇਂ ਧਿਰਾਂ ਆਪੋ-ਅਪਣੇ ਸਟੈਂਡ 'ਤੇ ਕਾਇਮ ਹਨ ਅਤੇ ਗੱਲਬਾਤ ਦਾ ਰਸਤਾ ਫ਼ਿਲਹਾਲ ਬੰਦ ਹੋ ਚੁੱਕਾ ਹੈ। ਦਿੱਲੀ ਦੇ ਜੰਤਰ ਮੰਤਰ 'ਤੇ ਹੀ ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਕਿਸਾਨਾਂ ਦੇ ਹੱਕ 'ਚ ਧਰਨਾ ਲਾਈ ਬੈਠੇ ਹਨ। ਇਨ੍ਹਾਂ 'ਚ ਰਵਨੀਤ ਸਿੰਘ ਬਿੱਟੂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਵੀ ਸ਼ਾਮਲ ਹਨ।
ਇਸ ਮੌਕੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਸਾਨੀ ਘੋਲ ਖ਼ਾਸ ਕਰ ਕੇ ਕਿਸਾਨ ਆਗੂਆਂ ਬਾਰੇ ਤਲਖ ਟਿੱਪਣੀਆਂ ਕਰਦਿਆਂ ਕਿਹਾ ਕਿ ਕਿਸਾਨ ਆਗੂ ਕਿਸਾਨ ਲੀਡਰ ਪਹਿਲਾਂ ਵੀ ਰਾਜਨੀਤੀ ਕਰਦੇ  ਰਹੇ ਨੇ ਤੇ ਅੱਗੇ ਵੀ ਰਾਜਨੀਤੀ ਕਰਨਗੇ। ਕਿਸਾਨ ਆਗੂਆਂ ਵਲੋਂ ਹਕੂਮਤੀ ਰੋਕਣ ਤੋੜਣ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਰੋਕਾਂ ਕਿਸਾਨ ਆਗੂਆਂ ਨਹੀਂ ਬਲਕਿ ਕਿਸਾਨਾਂ ਨੇ ਤੋੜੀਆਂ ਹਨ। ਸਿਆਸੀ ਆਗੂਆਂ ਨੂੰ ਕਿਸਾਨੀ ਸਟੇਜ ਤੋਂ ਦੂਰ ਰੱਖੇ ਜਾਣ ਤੋਂ ਨਰਾਜ਼ ਰਵਨੀਤ ਬਿੱਟੂ ਨੇ ਕਿਹਾ ਕਿ ਕਿਸਾਨ ਆਗੂ ਕਿਸਾਨਾਂ ਦੇ ਨਾਮ 'ਤੇ ਸਿਆਸਤ ਕਰ ਰਹੇ ਹਨ। ਕਿਸਾਨਾਂ ਦੇ ਧਰਨਿਆਂ 'ਚ ਇਸ ਵੇਲੇ ਜਿਹੜੇ ਲੋਕ ਬੈਠੇ ਹਨ, ਉਹ ਆਮ ਕਿਸਾਨ ਹਨ ਜੋ ਸਾਰੀਆਂ ਪਾਰਟੀਆਂ  ਨੂੰ ਵੋਟ ਪਾਉਂਦੇ ਹਨ। ਇਨ੍ਹਾਂ 'ਚ ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ ਤੇ ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਵਿਚ ਸਾਰੀਆਂ ਪਾਰਟੀਆਂ ਨਾਲ ਜੁੜੇ ਕਿਸਾਨ ਬੈਠੇ ਹਨ ਤਾਂ ਸਟੇਜ ਸਿਰਫ਼ ਕਿਸਾਨ ਆਗੂਆਂ ਨੇ ਹੀ ਕਿਉਂ ਸੰਭਾਲੀ ਹੋਈ ਹੈ। ਇਨ੍ਹਾਂ ਨੂੰ ਇਹ ਅਧਿਕਾਰ ਕਿਸ ਨੇ ਦਿਤਾ ਹੈ ਕਿ ਕਿਸ ਨੂੰ ਸਟੇਜ ਤੇ ਬੋਲਣ ਦੇਣਾ ਹੈ ਕਿਸ ਨੂੰ ਨਹੀਂ ਬੋਲਣ  ਦੇਣਾ ਅਤੇ ਕੌਣ ਕਿੱਥੇ ਬੈਠੇਗਾ ਕਿੱਥੇ ਨਹੀਂ ਬੈਠ ਸਕਦਾ। ਗੁਰਦਾਸ ਮਾਨ ਨੂੰ ਸਟੇਜ 'ਤੇ ਨਹੀਂ ਬੋਲਣ  ਦੇਣਾ ਅਤੇ ਫਲਾਣੇ ਨੂੰ ਬੋਲਣ ਦੇਣਾ ਹੈ। ਮੈਂ ਤਾਂ ਇਹ ਵੀ ਸੁਣਿਆ ਕਿ ਇਹ ਸਟੇਜ ਸਾਂਭੀ ਬੈਠੇ ਲੋਕ ਕਹਿ ਰਹੇ ਹਨ ਕਿ ਇਹ ਕੰਮ ਨਿਬੜ ਲੈਣ ਦਿਉਂ, ਬਿੱਟੂ ਨੂੰ ਵੀ ਦੇਖਾਂਗੇ।
ਉਨ੍ਹਾਂ ਕਿਹਾ ਕਿ ਹਰੇਕ ਬੰਦਾ ਕਿਸਾਨ ਹੋਣ ਦੇ ਨਾਤੇ ਯੋਗਦਾਨ ਪਾਉਣਾ ਚਾਹੁੰਦਾ ਹੈ ਪਰ ਇਹ ਕਹਿੰਦੇ ਨੇ ਕਿ ਤੂੰ ਤਾਂ ਸਿਆਸਤਦਾਨ ਹੈ, ਇਹ ਨਹੀਂ ਸੋਚਦੇ ਕਿ ਸਾਰੇ ਪੰਜਾਬੀ ਤਾਂ ਹਨ।
ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਕਿਸਾਨ ਆਗੂਆਂ ਕਰਕੇ ਨਹੀਂ ਆਏ, ਇਹ ਸਾਰੇ ਅਪਣੀਆਂ ਜ਼ਮੀਨਾਂ ਅਤੇ ਮੋਟਰਾਂ ਬਚਾਉਣ ਆਏ ਹਨ। ਨਾਲੇ ਅੱਜ ਜਿੱਥੋਂ ਤਕ ਲੋਕ ਬੈਠੇ ਹਨ, ਉਥੋਂ ਤਕ ਤਾਂ ਇਨ੍ਹਾਂ ਦੇ ਸਪੀਕਰਾਂ ਦੀ ਆਵਾਜ਼ ਵੀ ਨਹੀਂ ਜਾਂਦੀ। ਜਦੋਂ ਸਾਡਾ ਫ਼ੈਸਲਾ ਸੀ  ਕਿ ਜਿੰਨੀ ਦੇਰ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਨੀਂ ਦੇਰ ਵਾਪਸ ਨਹੀਂ ਜਾਵਾਂਗੇ ਪਰ ਇਹ ਮੰਤਰੀਆਂ ਨਾਲ ਮੀਟਿੰਗਾਂ ਕਰਨ ਕਿਉਂ ਜਾਂਦੇ ਸੀ?
ਉਨ੍ਹਾਂ ਕਿਹਾ ਕਿ ਇਨ੍ਹਾਂ  ਕਾਨੂੰਨਾਂ ਖਿਲਾਫ਼ ਸਭ ਤੋਂ ਪਹਿਲਾਂ  ਪਾਰਲੀਮੈਂਟ  ਵਿਚ ਮੈਂ  ਬੋਲਿਆ ਸੀ। ਅੱਗੇ ਵੀ ਬੋਲਾਂਗੇ। ਅਖੀਰ ਨੂੰ ਫ਼ੈਸਲਾ ਤਾਂ ਪਾਰਲੀਮੈਂਟ 'ਚ ਹੀ ਹੋਣਾ ਹੈ, ਇਨ੍ਹਾਂ ਦੀਆਂ ਸਟੇਜਾਂ 'ਤੇ ਤਾਂ ਹੋਣਾ ਨਹੀਂ। ਅਖ਼ੀਰ ਫ਼ੈਸਲਾ ਉਸੇ ਪਾਰਲੀਮੈਂਟ 'ਚ ਹੀ ਹੋਣਾ ਹੈ ਜਿਹੜਾ 130 ਕਰੋੜ ਲੋਕਾਂ ਦਾ ਮੰਦਰ ਹੈ। ਅਸੀਂ ਅਪਣੇ ਲੋਕਾਂ ਲਈ ਮਰ ਮਿਟ ਜਾਵਾਂਗੇ ਪਰ ਪਿੱਛੇ ਨਹੀਂ ਹਟਾਂਗੇ। ਪਹਿਲਾਂ ਵੀ ਕੁਰਬਾਨੀਆਂ ਦਿੱਤੀਆਂ ਹਨ ਅੱਗੋਂ ਵੀ ਦੇਵਾਂਗੇ। ਇਹ ਸਾਨੂੰ ਸਿਆਸਤਦਾਨ ਕਹਿ ਕੇ ਲਾਂਭੇ ਕਰ ਰਹੇ ਹਨ, ਪਰ ਜਿਨ੍ਹਾਂ ਨਾਲ ਮੀਟਿੰਗਾਂ ਕਰਨ ਜਾ ਰਹੇ ਹਨ, ਉਹ ਕੌਣ ਹਨ, ਉਹ ਵੀ ਤਾਂ ਸਿਆਸਤਦਾਨ ਹੀ ਹਨ। ਨਾਲੇ ਸਿਆਸੀ ਆਗੂਆਂ ਨੂੰ ਸਟੇਜਾਂ ਤੋਂ ਦੂਰ ਕਰਨ ਨਾਲ, ਉਹ ਕਿਹੜਾ ਅੰਦੋਲਨ ਨੂੰ 'ਕਾਂਗਰਸ ਦੀ ਸ਼ਹਿ ਪ੍ਰਾਪਤ' ਕਹਿਣੋਂ ਹੱਟ ਗਏ ਹਨ। ਉਥੋਂ ਕਾਂਗਰਸੀ, ਆਮ ਆਦਮੀ ਪਾਰਟੀ ਜਾਂ ਅਕਾਲੀ ਆਗੂਆਂ ਨੂੰ ਭਜਾ ਕੇ  ਕਿਹੜਾ ਉਨ੍ਹਾਂ ਦੇ ਮੂੰਹ ਬੰਦ ਕਰਵਾ ਦਿੱਤੇ। ਜੇ ਅਸੀਂ ਸਿਆਸੀ ਬੰਦੇ ਹਾਂ ਤਾਂ ਅਸੀਂ ਸਿਆਸੀ ਦਾਅ-ਪੇਚ ਵੀ ਜਾਣਦੇ ਹਾਂ ਕਿ ਮਸਲਾ ਕਿਵੇਂ ਹੱਲ ਕਰਵਾਉਣਾ ਹੈ।  ਇਹ ਸਿਆਸੀ ਲੜਾਈ ਹੈ, ਜਿਸ ਨੂੰ ਸਿਆਸੀ ਦਾਅ-ਪੇਚਾਂ ਨਾਲ ਹੀ ਜਿੱਤਿਆ ਜਾ ਸਕਦਾ ਹੈ, ਲੜਾਈ ਘਸੁੰਨ ਮੁੱਕੀ ਨਾਲ ਇਹ ਮਸਲਾ ਹੱਲ ਨਹੀਂ ਹੋਣ ਵਾਲਾ।
ਉਨ੍ਹਾਂ ਕਿਹਾ ਕਿ ਅੱਜ ਕਿਸਾਨ ਆਗੂ ਕੋਈ ਲੜਾਈ ਨਹੀਂ ਲੜ ਰਹੇ, ਜੇਕਰ ਲੜਾਈ ਲੜ ਰਿਹਾ ਹੈ ਤਾਂ ਉਹ ਕਿਸਾਨ ਹਨ। ਅੱਜ ਕਿਹੜਾ ਕਿਸਾਨ ਆਗੂ ਹੈ ਬਾਰਡਰ ਟੱਪਿਆ ਹੈ, ਵਾਟਰ ਕੈਨਨ ਦੇ ਮੂੰਹ ਕਿਸ ਨੇ ਮੋੜੇ ਨੇ, ਖਾਈਆਂ  ਕਿਸ ਨੇ ਪੂਰੀਆਂ ਨੇ। ਇਹ ਸਭ ਕੰਮ ਨੌਜਵਾਨ ਕਿਸਾਨਾਂ ਨੇ ਕੀਤਾ ਹੈ, ਕਿਸਾਨ ਆਗੂ ਤਾਂ ਫੈਸਲਾ ਕਰਕੇ ਆਏ ਸਨ ਕਿ ਉਥੇ ਹੀ ਬੈਠਣਾ ਹੈ। ਕਿਹੜਾ ਕਿਸਾਨ ਨੇਤਾ ਬਾਹਰ ਪਿਆ ਹੈ। ਖੁਲ੍ਹੇ ਆਸਮਾਨ ਹੇਠ ਕੇਵਲ ਆਮ ਕਿਸਾਨ ਪਏ ਹਨ। ਲੀਡਰ ਸਾਰੇ ਹੋਟਲਾਂ ਦੇ ਕਮਰਿਆਂ ਵਿਚ ਸੌਂਦੇ ਹਨ। ਅਸੀਂ ਪੰਜਾਬ ਵਿਚ ਕਿਸਾਨ ਸੰਘਰਸ਼ ਦੀ ਪੂਰਨ ਹਮਾਇਤ ਕੀਤੀ। ਕੇਂਦਰ ਸਰਕਾਰ ਕੈਪਟਨ ਸਾਹਿਬ ਨੂੰ ਲਗਾਤਾਰ ਡਰਾਉਂਦੀ ਰਹੀ ਸੀ ਕਿ ਸਰਕਾਰ ਤੋੜ ਦਿਆਂਗੇ। ਪੰਜਾਬ 'ਚ ਸਾਰੇ ਟੋਲ ਪਲਾਜੇ ਬੰਦ ਰਹੇ ਜੋ ਸਰਕਾਰ ਦੀ ਸਹਿਮਤੀ ਤੋਂ ਬਗੈਰ ਨਾਮੁਮਕਿਨ ਸੀ। ਹੁਣ ਇਹ ਸਾਰੇ ਦੇਸ਼ ਦੇ ਟੋਲ ਪਲਾਜੇ ਬੰਦ ਕਰਨ ਬਾਰੇ ਕਹਿ ਰਹੇ ਹਨ। ਭਾਜਪਾ ਦੀ ਸਰਕਾਰ ਵਾਲੇ ਸੂਬਿਆਂ 'ਚ ਟੋਲ ਪਲਾਜੇ ਬੰਦ ਕਰਕੇ ਦੇਖ ਲੈਣ, ਕੀ ਹੁੰਦਾ ਹੈ।
ਭਾਜਪਾ ਆਗੂ ਪਿਊਸ਼ ਗੋਇਲ ਨਾਲ ਪੰਜਾਬ ਤੋਂ ਆਏ ਸੰਸਦ ਮੈਂਬਰਾਂ ਦੀ ਮਿਲਣੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਿਊਸ਼ ਗੋਇਲ ਨੇ ਪੰਜਾਬ ਦੇ ਸੰਸਦ ਮੈਂਬਰਾਂ ਜ਼ਲੀਲ ਕਰ ਕੇ ਵਾਪਸ ਮੋੜਿਆ ਸੀ। ਉਸ ਨੇ ਇੱਥੋਂ ਤਕ ਕਹਿ ਦਿਤਾ ਸੀ ਕਿ ਸਾਨੂੰ ਪਤੈ ਤੁਹਾਡਾ ਮੁੱਖ ਮੰਤਰੀ ਕੀ ਕਰਦਾ ਫਿਰਦੈ, ਅਸੀਂ ਤੁਹਾਡਾ ਉਹ ਹਾਲ ਕਰਾਂਗੇ ਜਿਸ ਨੂੰ ਤੁਸੀਂ ਯਾਦ ਰੱਖੋਗੇ। ਅਸੀਂ ਰੇਲਾਂ ਬੰਦ ਕਰ ਕੇ ਜਾਣਬੁਝ ਕੇ 40 ਹਜ਼ਾਰ ਕਰੋੜ ਦਾ ਘਾਟਾ ਪੁਆਇਆ...। ਉਨ੍ਹਾਂ ਕਿਹਾ ਕਿ ਅਸਲ ਵਿਚ ਪਿਊਸ਼ ਗੋਇਲ ਅੰਬਾਨੀਆਂ ਅਡਾਨੀਆਂ ਦਾ ਚਿਹਰਾ ਹੈ। ਉਸ ਨੂੰ ਜਾਣਬੁੱਝ ਕੇ ਮੀਟਿੰਗਾਂ ਵਿਚ ਬਿਠਾਇਆ ਜਾਂਦਾ ਹੈ। ਉਸ ਨੇ ਸਾਨੂੰ ਸਾਂਸਦਾ ਨੂੰ ਵੀ ਬਹੁਤ ਜ਼ਲੀਲ ਕੀਤਾ ਪਰ ਕਿਸਾਨ ਆਗੂ ਉਸੇ ਨਾਲ ਮੀਟਿੰਗਾਂ ਕਰ ਰਹੇ ਹਨ ਜੋ ਦੁਖਦਾਈ ਹੈ। ਇਨ੍ਹਾਂ ਨੂੰ ਪਿਊਸ਼ ਗੋਇਲ ਚੰਗਾ ਲਗਦਾ ਹੈ ਪਰ ਆਪਣੇ ਪੰਜਾਬੀ ਭਰਾ ਦੁਸ਼ਮਣ ਲਗਦੇ ਨੇ। ਇਨ੍ਹਾਂ ਨੂੰ ਮੀਟਿੰਗ ਲਈ ਆਉਣ ਦੀ ਲੋੜ ਨਹੀਂ ਸੀ। ਠੀਕ ਹੈ ਗੱਲਬਾਤ ਨਹੀਂ ਟੁੱਟਣੀ ਚਾਹੀਦੀ। ਪਰ ਜਦੋਂ ਤੁਹਾਡੇ ਪਿੱਛੇ ਲੱਖਾਂ ਲੋਕ ਬੈਠੇ ਸਨ, ਤਾਂ ਅਮਿਤ ਸ਼ਾਹ ਤੇ ਪਿਊਸ਼ ਗੋਇਲ ਨੂੰ ਖੁਦ ਤੁਹਾਡੇ ਕੋਲ ਚੱਲ ਕੇ ਆਉਣਾ ਪੈਣਾ ਸੀ।
ਉਨ੍ਹਾਂ ਕਿਹਾ ਕਿ ਹਾਲਾਤ ਬਹੁਤ ਖ਼ਰਾਬ ਹਨ। ਸੰਘਰਸ਼ ਦੌਰਾਨ ਕਈ ਲੋਕ ਮਾਰੇ ਜਾ  ਚੁੱਕੇ ਹਨ। ਕੀ ਇਹ ਕਿਸਾਨ ਆਗੂ ਇਸ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜਿਹੋ ਜਿਹੇ ਹਾਲਾਤ ਬਣ ਰਹੇ ਹਨ, ਉਸ ਤੋਂ ਸਥਿਤੀ ਹੋਰ ਵੀ ਖ਼ਰਾਬ ਹੋਣ ਦਾ ਸ਼ੰਕਾ ਹੈ। ਹਾਲਾਤ ਵਿਗੜਣ 'ਤੇ ਨੁਕਸਾਨ ਹੋਣ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਕਾਰਪੋਰੇਟਾਂ ਦੇ ਖਿਲਾਫ਼ ਨਹੀਂ ਹਨ, ਪਰ ਬਾਕੀ ਛੋਟੇ ਦੁਕਾਨਦਾਰਾਂ ਅਤੇ ਹੋਰ ਵਰਗਾਂ ਦੇ ਹਿੱਤ ਵੀ ਸੁਰੱਖਿਅਤ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੰਬਾਨੀ ਅਡਾਨੀ ਦੇ ਰਹਿਣ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਣਾ, ਉਨ੍ਹਾਂ ਨੂੰ ਵੀ ਅਪਣਾ ਕੰਮ ਕਰਦੇ ਰਹਿਣ ਦੇਣਾ ਚਾਹੀਦਾ ਹੈ ਪਰ ਨਾਲ ਪ੍ਰਚੂਨ ਦੀਆਂ ਦੁਕਾਨਾਂ ਵੀ ਚਲਦੀਆਂ ਰਹਿਣੀਆਂ ਚਾਹੀਦੀਆਂ ਨੇ। ਛੋਟੇ ਆੜ੍ਹਤੀਏ ਵੀ ਬਚੇ ਰਹਿਣੇ ਚਾਹੀਦੇ ਨੇ। ਉਨ੍ਹਾਂ ਕਿਹਾ ਕਿ ਅਗਲੀ ਧਿਰ ਬੜੀ ਚੁਸਤ-ਚਲਾਕ ਅਤੇ ਸਿਆਸੀ-ਦਾਅ ਪੇਚ ਖੇਡਣ 'ਚ ਮਾਹਿਰ ਹੈ, ਉਨ੍ਹਾਂ ਨੂੰ ਉਸੇ ਭਾਸ਼ਾਂ 'ਚ ਜਵਾਬ ਦੇ ਕੇ ਜਿੱਤਿਆ ਜਾ ਸਕਦਾ ਹੈ।  

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement