
ਡੇਰਾ ਪ੍ਰੇਮੀ ਨੂੰ ਮਾਰਨ ਤੋਂ ਪਹਿਲਾਂ ਗੈਂਗਸਟਰਾਂ ਨੇ ਚਾਰ ਵਾਰ ਕੀਤਾ ਸੀ ਫ਼ੋਨ!
ਇਸੇ ਨੰਬਰ ਤੋਂ ਬਾਘਾਪੁਰਾਣਾ ਦੇ ਕਤਲ ਕੀਤੇ ਵਪਾਰੀ ਨੂੰ ਵੀ ਕੀਤੀ ਸੀ ਕਾਲ
ਬਠਿੰਡਾ, 11 ਦਸੰਬਰ (ਸੁਖਜਿੰਦਰ ਮਾਨ): ਮੋੜ ਬੰਬ ਕਾਂਡ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਲਈ ਸਿਰਦਰਦੀ ਬਣੇ ਭਗਤਾ ਭਾਈ ਕਾਂਡ 'ਚ ਇਕ ਹੋਰ ਨਵਾਂ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਮ੍ਰਿਤਕ ਡੇਰਾ ਪ੍ਰੇਮੀ ਮਨੋਹਰ ਲਾਲ ਅਰੋੜਾ ਨੂੰ ਕਤਲ ਕਰਨ ਤੋਂ ਪਹਿਲਾਂ ਗੈਗਸਟਰਾਂ ਵਲੋਂ ਚਾਰ ਵਾਰ ਮ੍ਰਿਤਕ ਦੇ ਨੰਬਰ ਉਪਰ ਫ਼ੋਨ ਕੀਤਾ ਗਿਆ ਸੀ। ਮਹੱਤਵਪੂਰਨ ਤੱਥ ਇਹ ਵੀ ਪਤਾ ਲਗਿਆ ਹੈ ਕਿ ਜਿਸ ਵਿਦੇਸ਼ੀ ਵਰਚੂਅਲ ਨੰਬਰ ਤੋਂ ਮ੍ਰਿਤਕ ਅਰੋੜਾ ਨੂੰ ਫ਼ੋਨ ਆਇਆ ਸੀ, ਉਸੇ ਨੰਬਰ ਤੋਂ ਬਾਘਾਪੁਰਾਣਾ ਦੇ ਕਤਲ ਕੀਤੇ ਵਪਾਰੀ ਨੂੰ ਵੀ ਕਾਲਾਂ ਕੀਤੀਆਂ ਹੋਈਆਂ ਸਨ। ਫ਼ੋਨ ਵਾਲੀ ਗੱਲ ਸਾਹਮਣੇ ਆਉਂਣ 'ਤੇ ਪੁਲਿਸ ਹੁਣ ਇਸ ਮਾਮਲੇ ਨੂੰ ਫਿਰੌਤੀ ਨਾਲ ਜੋੜ ਕੇ ਵੀ ਦੇਖ ਰਹੀ ਹੈ।
ਹਾਲਾਂਕਿ ਕਤਲ ਤੋਂ ਬਾਅਦ ਗੈਂਗਸਟਰ ਸੁੱਖਾ ਲੰਮੇਪੁਰ ਵਲੋਂ ਲਈ ਜ਼ਿੰਮੇਵਾਰੀ ਵਿਚ ਉਸ ਨੇ ਇਸ ਕਤਲ ਪਿਛੇ ਡੇਰਾ ਪ੍ਰੇਮੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕਾਰਨ ਦਸਿਆ ਸੀ।
ਜ਼ਿਕਰਯੋਗ ਹੈ ਕਿ 20 ਨਵੰਬਰ ਨੂੰ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਕਸਬਾ ਭਗਤਾ ਭਾਈ ਵਿਖੇ ਦਿਨ-ਦਿਹਾੜੇ ਡੇਰਾ ਪ੍ਰੇਮੀ ਮਨਹੋਰ ਲਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਕਤਲ ਤੋਂ ਪਹਿਲਾਂ ਜਾਂ ਬਾਅਦ ਵਿਚ ਪ੍ਰਵਾਰ ਨੇ ਗੈਗਸਟਰਾਂ ਵਲੋਂ ਫ਼ੋਨ ਕਰਨ ਬਾਰੇ ਪੁਲਿਸ ਨੂੰ ਕੁੱਝ ਵੀ ਜਾਣਕਾਰੀ ਨਹੀਂ ਦਿਤੀ ਸੀ, ਇਹ ਸਾਰੇ ਤੱਥ ਮ੍ਰਿਤਕ ਦੇ ਮੋਬਾਈਲ ਫ਼ੋਨ ਦੀ ਪੜਤਾਲ ਦੌਰਾਨ ਸਾਹਮਣੇ ਆਏ ਹਨ। ਇਸ ਮਾਮਲੇ ਵਿਚ ਜਾਂਚ ਕਰ ਰਹੀਆਂ ਟੀਮਾਂ ਨਾਲ ਜੁੜੇ ਉਚ ਸੂਤਰਾਂ ਮੁਤਾਬਕ ''ਇਹ ਵਰਚੂਅਲ ਫ਼ੋਨ ਕਾਲ ਸੀ, ਜਿਸਨੂੰ ਅਕਸਰ ਹੀ ਗੈਂਗਸਟਰ ਫਿਰੌਤੀਆਂ ਮੰਗਣ ਲਈ ਵਰਤਦੇ ਹਨ।''
ਮਾਹਰਾਂ ਮੁਤਾਬਕ ਅਜਿਹੇ ਘਟਨਾਕ੍ਰਮ ਨੇ ਪੁਲਿਸ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਜੇਕਰ ਮ੍ਰਿਤਕ ਨੂੰ ਕੋਈ ਸੱਕੀ ਫ਼ੋਨ ਆਇਆ ਸੀ ਤਾਂ ਉਸ ਦੇ ਬਾਰੇ ਪੁਲਿਸ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ? ਪੁਲਿਸ ਅਧਿਕਾਰੀਆਂ ਮੁਤਾਬਕ ਬੇਸ਼ੱਕ ਮ੍ਰਿਤਕ ਦਾ ਪੁੱਤਰ ਜਿੰਮੀ ਅਰੋੜਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਸਿੱਧੇ ਤੌਰ 'ਤੇ ਜ਼ਿੰਮੇਵਾਰ ਸੀ ਤਾਂ ਉਸ ਨੂੰ ਮਾਰਨ ਦੀ ਬਜਾਏ ਗੈਂਗਸਟਰਾਂ ਨੇ ਮਨਹੋਰ ਲਾਲ ਨੂੰ ਹੀ ਕਿਉਂ ਚੁਣਿਆ, ਇਸ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।
ਹਾਲੇ ਤਕ ਪੁਲਿਸ ਹੱਥ ਨਹੀਂ ਲੱਗੇ ਕਾਂਡ ਨੂੰ ਅੰਜਾਮ ਦੇਣ ਵਾਲੇ ਮੁਜ਼ਰਮ