
ਅਫ਼ਗ਼ਾਨਿਸਤਾਨ 'ਚ ਸ਼ਾਂਤੀ ਬਹਾਲੀ ਦੀ ਅਜਿਹੀ ਪ੍ਰਕਿਰਿਆ ਦੀ ਲੋੜ ਜਿਸ ਦੀ ਅਗਵਾਈ ਉਹ ਖ਼ੁਦ ਕਰਨ: ਮੋਦੀ
ਕਿਹਾ, ਭਾਰਤ ਅਤੇ ਉਜ਼ਬੇਕਿਸਤਾਨ ਅਤਿਵਾਦ ਵਿਰੁਧ ਡਟ ਕੇ ਖੜੇ ਹਨ
to
ਨਵੀਂ ਦਿੱਲੀ, 11 ਦਸੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਬਹਾਲੀ ਲਈ ਇਕ ਪ੍ਰਕਿਰਿਆ ਬਣਾਉਣ ਦੀ ਮੰਗ ਕੀਤੀ ਜਿਸ ਦੀ ਅਗਵਾਈ ਅਫ਼ਗ਼ਾਨਿਸਤਾਨ ਖ਼ੁਦ ਕਰੇ ਅਤੇ ਜੋ ਉਸ ਦੀ ਮਾਲਕੀਅਤ ਅਤੇ ਕੰਟੋਰਲ ਵਿਚ ਹੋਵੇ। ਨਾਲ ਹੀ, ਉਨ੍ਹਾਂ ਨੇ ਪਿਛਲੇ ਦੋ ਦਹਾਕਿਆਂ ਦੀਆਂ ਪ੍ਰਾਪਤੀਆਂ ਨੂੰ ਸੁਰੱਖਿਅਤ ਰੱਖਣ ਦੀ ਲੋੜ 'ਤੇ ਵੀ ਜ਼ੋਰ ਦਿਤਾ।
ਭਾਰਤ-ਉਜ਼ਬੇਕਿਸਤਾਨ ਡਿਜੀਟਲ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮਿਰਜ਼ੀਯੋਯੇਵ ਨਾਲ ਇਹ ਵਿਚਾਰ-ਵਟਾਂਦਰੇ ਦੀ ਸ਼ੁਰੂਆਤ ਕਰਦੇ ਹੋਏ ਅਪਣੀ ਸ਼ੁਰੂਆਤੀ ਟਿਪਣੀ ਵਿਚ ਇਹ ਗੱਲਾਂ ਕਹੀਆਂ।
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਉਜ਼ਬੇਕਿਸਤਾਨ ਅਤਿਵਾਦ ਵਿਰੁਧ ਡਟ ਕੇ ਖੜੇ ਹਨ ਅਤੇ ਅਤਿਵਾਦ, ਕੱਟੜਵਾਦ ਅਤੇ ਵੱਖਵਾਦ ਬਾਰੇ ਦੋਵਾਂ ਦੇਸ਼ਾਂ ਦੀਆਂ ਚਿੰਤਾਵਾਂ ਇਕੋ ਜਿਹੀਆਂ ਹਨ।
ਉਨ੍ਹਾਂ ਕਿਹਾ ਕਿ ਅਤਿਵਾਦ, ਕੱਟੜਵਾਦ ਅਤੇ ਵੱਖਵਾਦ ਬਾਰੇ ਸਾਨੂੰ ਅਜਿਹੀਆਂ ਚਿੰਤਾਵਾਂ ਹਨ। ਅਸੀਂ ਦੋਵੇਂ ਹੀ ਦਹਿਸ਼ਤਗਰਦੀ ਵਿਰੁਧ ਡਟੇ ਹੋਏ ਹਾਂ। ਖੇਤਰੀ ਸੁਰੱਖਿਆ ਦੇ ਮੁੱਦਿਆਂ 'ਤੇ ਵੀ ਸਾਡੀ ਇਕੋ ਜਿਹਾ ਨਜ਼ਰੀਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਦੀ ਬਹਾਲੀ ਲਈ ਇਕ ਪ੍ਰਕਿਰਿਆ ਦੀ ਲੋੜ ਹੁੰਦੀ ਹੈ ਜੋ ਖ਼ੁਦ ਅਫ਼ਗ਼ਾਨਿਸਤਾਨ ਦੀ ਅਗਵਾਈ, ਮਾਲਕੀ ਅਤੇ ਕੰਟੋਰਲ ਵਿਚ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੀਆਂ ਪ੍ਰਾਪਤੀਆਂ ਨੂੰ ਸੁਰੱਖਿਅਤ ਰੱਖਣਾ ਵੀ ਜ਼ਰੂਰੀ ਹੈ।(ਪੀਟੀਆਈ)
ਅਫ਼ਗ਼ਾਨਿਸਤਾਨ ਬਾਰੇ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਜਿਹੇ ਸਮੇਂ ਆਇਆ ਹੈ ਜਦੋਂ ਅਫ਼ਗ਼ਾਨ ਸ਼ਾਂਤੀ ਪ੍ਰਕਿਰਿਆ ਜ਼ੋਰ ਫੜ ਰਹੀ ਹੈ।
ਦਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ, ਅਫ਼ਗ਼ਾਨਿਸਤਾਨ ਦੇ ਚੋਟੀ ਦੇ ਸ਼ਾਂਤੀ ਵਾਰਤਾਕਾਰ ਅਬਦੁੱਲਾ ਅਬਦੁੱਲਾ ਨੇ ਇਕ ਵਫ਼ਦ ਨਾਲ ਪ੍ਰਧਾਨ ਮੰਤਰੀ ਮੋਦੀ ਨਾਲ ਰਾਜਧਾਨੀ ਦਿੱਲੀ ਵਿਚ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਅਫ਼ਗ਼ਾਨ ਸਰਕਾਰ ਅਤੇ ਤਾਲਿਬਾਨ ਦੇ ਵਿਚਕਾਰ ਦੋਹਾ ਵਿਚ ਚੱਲ ਰਹੀ ਸ਼ਾਂਤੀ ਗੱਲਬਾਤ ਤੋਂ ਜਾਣੂ ਕਰਵਾਇਆ ਸੀ।
ਅਬਦੁੱਲਾ ਦੀ ਇਹ ਮੁਲਾਕਾਤ ਦੋਹਾ ਵਿਚ ਅਫ਼ਗ਼ਾਨਿਸਤਾਨ ਸਰਕਾਰ ਅਤੇ ਤਾਲਿਬਾਨ ਵਿਚਕਾਰ ਸ਼ਾਂਤੀ ਵਾਰਤਾ ਵਿਚਕਾਰ ਹੋਈ ਸੀ। ਅਬਦੁੱਲਾ ਦੀ ਭਾਰਤ ਯਾਤਰਾ ਖੇਤਰੀ ਸਹਿਮਤੀ ਬਣਾਉਣ ਅਤੇ ਅਫ਼ਗ਼ਾਨ ਸ਼ਾਂਤੀ ਪ੍ਰਕਿਰਿਆ ਦਾ ਸਮਰਥਨ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ।
ਜ਼ਿਕਰਯੋਗ ਹੈ ਕਿ ਤਾਲਿਬਾਨ ਅਤੇ ਅਫ਼ਗ਼ਾਨਿਸਤਾਨ ਦੀ ਸਰਕਾਰ 19-ਸਾਲਾ ਯੁੱਧ ਖ਼ਤਮ ਕਰਨ ਲਈ ਪਹਿਲੀ ਵਾਰ ਸਿੱਧੀ ਗੱਲਬਾਤ ਕਰ ਰਹੇ ਹਨ। ਅਫ਼ਗ਼ਾਨਿਸਤਾਨ ਦੀ ਸ਼ਾਂਤੀ ਪ੍ਰਕਿਰਿਆ ਵਿਚ ਭਾਰਤ ਇਕ ਮਹੱਤਵਪੂਰਨ ਧਿਰ ਹੈ। ਭਾਰਤ ਨੇ ਅਫ਼ਗ਼ਾਨਿਸਤਾਨ ਵਿਚ ਪੁਨਰ ਨਿਰਮਾਣ ਗਤੀਵਿਧੀਆਂ ਵਿਚ ਕਰੀਬ ਲਗਭਗ ਦੋ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। (ਪੀਟੀਆਈ)