
ਤਰਨਤਾਰਨ ਦੇ ਗੁਰਦਵਾਰਾ ਭੱਠ ਸਾਹਿਬ ਦੇ ਸੇਵਾਦਾਰ ’ਤੇ ਚੱਲੀਆਂ ਗੋਲੀਆਂ
ਤਰਨਤਾਰਨ, 11 ਦਸੰਬਰ (ਅਜੀਤ ਘਰਿਆਲਾ) : ਥਾਣਾ ਸਿਟੀ ਪੱਟੀ ਦੀ ਪੁਲਸ ਨੇ ਗੁਰਦੁਆਰਾ ਭੱਠ ਸਾਹਿਬ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸੇਵਾਦਾਰ ’ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲਿਆਂ ਸਮੇਤ 5 ਲੋਕਾਂ ਖ਼ਿਲਾਫ਼ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸਿਵਲ ਹਸਪਤਾਲ ਪੱਟੀ ’ਚ ਜ਼ੇਰੇ ਇਲਾਜ ਜਸਬੀਰ ਸਿੰਘ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ’ਚ ਦਸਿਆ ਕਿ ਉਹ ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਸੇਵਾ ਕਰਦਾ ਹੈ। ਬੀਤੀ ਸ਼ਾਮ ਪ੍ਰਸ਼ਾਦਾ ਛੱਕ ਕੇ ਉਹ ਬਰਾਂਡੇ ਵਿਚ ਆਰਾਮ ਕਰਨ ਲੱਗ ਪਿਆ।
ਰਾਤ 1.30 ਵਜੇ ਜਦ ਉਹ ਬਾਥਰੂਮ ਜਾਣ ਲਈ ਉੱਠਿਆ ਤਾਂ ਉਸ ਨੇ ਵੇਖਿਆ ਕਿ ਚੁਬਾਰੇ ਵਿਚ ਸੇਵਾਦਾਰ ਨਰਬੀਰ ਸਿੰਘ ਦੀ ਪਤਨੀ ਮਨਜੀਤ ਕੌਰ, ਰਣਜੋਧ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਇੱਬਣ ਬਾਰੀ ਵਿਚ ਖੜ੍ਹੇ ਸਨ, ਜਿਨ੍ਹਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਮੁੱਦਈ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਬਾਬਾ ਗੁਰਬਚਨ ਸਿੰਘ ਦੀ ਸ਼ਹਿ ਅਤੇ ਨਰਬੀਰ ਸਿੰਘ ਦੀਆਂ ਹਦਾਇਤਾਂ ’ਤੇ ਉਸ ਉੱਪਰ ਜਾਨਲੇਵਾ ਹਮਲਾ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ. ਗੁਰਮੀਤ ਸਿੰਘ ਨੇ ਦਸਿਆ ਕਿ ਮੁਦਈ ਦੇ ਬਿਆਨ ’ਤੇ ਬਾਬਾ ਗੁਰਬਚਨ ਸਿੰਘ, ਨਰਬੀਰ ਸਿੰਘ, ਮਨਜੀਤ ਕੌਰ, ਰਣਜੋਧ ਸਿੰਘ, ਲਵਪ੍ਰੀਤ ਸਿੰਘ ਉਰਫ ਇੱਬਣ ਵਿਰੁਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।