
-ਪੰਜਾਬ ’ਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਬੁਰੀ: ਅਰਵਿੰਦ ਕੇਜਰੀਵਾਲ
ਨਵੀ ਦਿੱਲੀ / ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਬਾਰੇ ਅੱਜ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਕਿਹਾ, ‘‘ਅਸੀਂ ਦਿੱਲੀ ਦੇ ਸਰਕਾਰੀ ਸਕੂਲ ਸ਼ਾਨਦਾਰ ਬਣਾ ਦਿੱਤੇ ਹਨ, ਹੁਣ ਪੰਜਾਬ ਦੇ ਸਕੂਲਾਂ ਨੂੰ ਵੀ ਠੀਕ ਕਰਾਂਗੇ ਅਤੇ 24 ਲੱਖ ਬੱਚਿਆਂ ਦਾ ਭਵਿੱਖ ਸੁਨਿਹਰਾ ਬਣਾਵਾਂਗੇ, ਕਿਉਂਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਬੁਰੀ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ 24 ਲੱਖ ਗਰੀਬ ਅਤੇ ਐਸ.ਸੀ. ਭਾਈਚਾਰੇ ਦੇ ਬੱਚਿਆਂ ਦਾ ਭਵਿੱਖ ਅੰਧਕਾਰ ਵਿੱਚ ਹੈ।
Teachers Protest Morinda
ਪੰਜਾਬ ਦੇ ਅਧਿਆਪਕ ਬਹੁਤ ਚੰਗੇ ਹਨ, ਪਰ ਉਹ ਵੀ ਬਹੁਤ ਪ੍ਰੇਸ਼ਾਨ ਹਨ। ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਲਈ ਸਾਨੂੰ ਸਿਰਫ਼ ਪੰਜਾਬ ਦੇ ਲੋਕਾਂ ਦਾ ਸਾਥ ਚਾਹੀਦਾ ਹੈ।’’ ਅਰਵਿੰਦ ਕੇਜਰੀਵਾਲ ਨੇ ਸੁਨੇਹੇ ਵਿੱਚ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਹਾਲ ਸਿੱਖਿਆ ਵਿਵਸਥਾ ਨੂੰ ਦਿੱਲੀ ਵਾਂਗ ਠੀਕ ਕਰਨ ਦੀ ਜ਼ਰੂਰਤ ਹੈ। ਪੰਜਾਬ ਦੇ ਸਰਕਾਰੀ ਸਕੂੂਲਾਂ ਵਿੱਚ ਬਿਲਕੁੱਲ ਵੀ ਪੜ੍ਹਾਈ ਨਹੀਂ ਹੁੰਦੀ, ਜਦੋਂ ਕਿ ਪੰਜਾਬ ਦੇ ਅਧਿਆਪਕ ਬਹੁਤ ਚੰਗੇ ਹਨ, ਪਰ ਅਧਿਆਪਕ ਵਿਚਾਰੇ ਬਹੁਤ ਹੀ ਦੁੱਖੀ ਹਨ।
Charanjit Singh Channi
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਰੀਬਾਂ, ਐਸ.ਸੀ. ਭਾਈਚਾਰੇ ਦੇ ਕਰੀਬ 24 ਲੱਖ ਬੱਚੇ ਪੜ੍ਹਦੇ ਹਨ। ਜ਼ਰਾ ਸੋਚੋ, ਬਦਹਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਇਨ੍ਹਾਂ 24 ਲੱਖ ਬੱਚਿਆਂ ਦਾ ਕੀ ਭਵਿੱਖ ਹੋਵੇਗਾ? ‘ਆਪ’ ਸੁਪਰੀਮੋਂ ਨੇ ਕਿਹਾ, ‘‘ਪਹਿਲਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਰ੍ਹਾਂ ਦਿੱਲੀ ਦੇ ਸਰਕਾਰੀ ਸਕੂਲ ਵੀ ਬਹੁਤ ਖ਼ਰਾਬ ਹੋਇਆ ਕਰਦੇ ਸਨ। ਅਸੀਂ ਲੋਕਾਂ ਨੇ ਬਹੁਤ ਮਿਹਨਤ ਕਰਕੇ ਦਿੱਲੀ ਦੇ ਬਦਹਾਲ ਸਕੂਲਾਂ ਨੂੰ ਵਧੀਆਂ ਬਣਾਇਆ ਹੈ।
Punjab CM and Arvind Kejriwal
ਦਿੱਲੀ ਦੇ ਸਰਕਾਰੀ ਸਕੂਲ ਐਨੇ ਚੰਗੇ ਹੋ ਗਏ ਹਨ ਕਿ ਇਸ ਸਾਲ ਦਿੱਲੀ ਦੇ 2. 50 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਤੋਂ ਆਪਣੇ ਨਾਂਅ ਕਟਵਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲਿਆ ਹੈ। ਫਿਰ ਕਿਉਂ ਨਹੀਂ ਪੰਜਾਬ ਦੇ ਸਕੂਲ ਵੀ ਦਿੱਲੀ ਦੀ ਤਰ੍ਹਾਂ ਚੰਗੇ ਹੋਣੇ ਚਾਹੀਦੇ? ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਖਦੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ ਪੂਰੇ ਦੇਸ਼ ਦੇ ਸਰਕਾਰੀ ਸਕੂਲਾਂ ਤੋਂ ਵਧੀਆਂ ਹਨ। ਇਨਾਂ ਨੂੰ ਠੀਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸਵਾਲ ਕੀਤਾ ਕਿ ਤੁਸੀਂ ਮੰਨਦੇ ਹੋ ਕਿ ਪੰਜਾਬ ਦੇ ਸਰਕਾਰੀ ਸਕੂਲ ਸੱਚਮੁੱਚ ਦੇਸ਼ ਵਿੱਚੋਂ ਸਭ ਤੋਂ ਵਧੀਆਂ ਹਨ?
Arvind Kejriwal
ਕੇਜਰੀਵਾਲ ਨੇ ਅੱਗੇ ਕਿਹਾ ਕਿ ਪਿੱਛਲੇ 75 ਸਾਲਾਂ ਤੋਂ ਇਨਾਂ ਰਾਜਨੀਤਿਕ ਪਾਰਟੀਆਂ ਨੇ ਜਾਣਬੁੱਝ ਕੇ ਸਰਕਾਰੀ ਸਕੂਲਾਂ ਨੂੰ ਖ਼ਰਾਬ ਰੱਖਿਆ ਹੈ, ਤਾਂਕਿ ਗਰੀਬ ਅਤੇ ਐਸ.ਸੀ ਭਾਈਚਾਰੇ ਦੇ ਲੋਕ ਤਰੱਕੀ ਨਾ ਕਰ ਸਕਣ। ਉਨ੍ਹਾਂ ਕਿਹਾ, ‘‘ਮੈਨੂੰ ਸਿਆਸਤ ਨਹੀਂ ਆਉਂਦੀ। ਮੈਨੂੰ ਤਾਂ ਸਿਰਫ਼ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ 24 ਲੱਖ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ। ਅਸੀਂ ਇਨ੍ਹਾਂ ਬੱਚਿਆਂ ਦਾ ਭਵਿੱਖ ਹੋਰ ਖ਼ਰਾਬ ਨਹੀਂ ਹੋਣ ਦੇਵਾਂਗੇ। ਅਸੀਂ ਸਭ ਮਿਲ ਕੇ ਸਰਕਾਰੀ ਸਕੂਲਾਂ ਨੂੰ ਠੀਕ ਕਰਾਂਗੇ। ਅਸੀਂ ਸ਼ਾਨਦਾਰ ਸਕੂਲ ਬਣਾਵਾਂਗੇ ਅਤੇ ਇਨਾਂ ਬੱਚਿਆਂ ਨੂੰ ਸੁਨਿਹਰਾ ਭਵਿੱਖ ਦੇਵਾਂਗੇ। ਇਸ ਦੇ ਲਈ ਸਿਰਫ਼ ਤੁਹਾਡਾ ਸਾਰਿਆਂ ਦਾ ਸਾਨੂੰ ਸਾਥ ਚਾਹੀਦਾ ਹੈ।’’