
ਮੈਨੂੰ ਕੇਵਲ ਪਾਰਟੀ ਪ੍ਰਧਾਨ ਬਣਾਇਆ ਗਿਆ ਹੈ ਜਿਸ ਕੋਲ ਸੈਕਟਰੀ ਤੇ ਮੈਂਬਰ ਥਾਪਣ ਦੀ ਤਾਕਤ ਹੁੰਦੀ ਹੈ। ਮੇਰੇ ਕੋਲੋਂ ਉਹ ਤਾਕਤ ਵੀ ਖੋਹੀ ਜਾ ਰਹੀ ਹੈ
ਅੰਮ੍ਰਿਤਸਰ (ਰਣਜੀਤ ਸਿੰਘ ਸੰਧੂ, ਸੁਰਜੀਤ ਸਿੰਘ ਖ਼ਾਲਸਾ) : ਪੰਜਾਬ ਜਿੰਨਾ ਕਰਜ਼ੇ ਦੇ ਸੰਕਟ ਵਿਚ ਫਸ ਚੁਕਾ ਹੈ ਇਸ ਨੂੰ 2022 ਵਿਚ ਕਾਂਗਰਸ ਦੀ ਦੁਬਾਰਾ ਸਰਕਾਰ ਬਣਨ ਉਪਰੰਤ ਪੰਜਾਬ ਮਾਡਲ ਲਾਗੂ ਕਰ ਕੇ ਇਸ ਸੰਕਟ ਵਿਚੋਂ ਬਾਹਰ ਕਢਿਆ ਜਾਵੇਗਾ। ਇਹ ਵਿਚਾਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਿਸ਼ਨ 2022 ਦੀ ਕਾਮਯਾਬੀ ਲਈ ਕਾਂਗਰਸ ਪਾਰਟੀ ਵਲੋਂ ਅੱਜ ਹਲਕਾ ਬਾਬਾ ਬਕਾਲਾ ਲਈ ਕਾਂਗਰਸੀ ਟਿਕਟ ਦੇ ਪ੍ਰਮੁਖ ਦਾਅਵੇਦਾਰ ਸਤਿੰਦਰਜੀਤ ਸਿੰਘ ਛੱਜਲਵੱਢੀ ਦੇ ਹੱਕ ਵਿਚ ਰਈਆ ਦੀ ਤਾਰਾਂ ਵਾਲੀ ਗਰਾਊਂਡ ਵਿਖੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਕਰਵਾਈ ਗਈ ਵਿਸ਼ਾਲ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।
Navjot Sidhu
ਉਨ੍ਹਾਂ ਸਤਿੰਦਰਜੀਤ ਛੱਜਲਵੱਢੀ ਨੂੰ ਥਾਪੜਾ ਦਿੰਦਿਆਂ ਕਿਹਾ ਇਸ ਵਾਰ ਛੱਜਲਵੱਢੀ ਵਰਗੇ ਇਮਾਨਦਾਰ ਬੰਦੇ ਸਰਕਾਰ ਦਾ ਹਿੱਸਾ ਬਣਾਏ ਜਾਣਗੇ। ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ, ਫ਼ਤਿਹਜੰਗ ਸਿੰਘ ਬਾਜਵਾ, ਨਵਤੇਜ ਸਿੰਘ ਚੀਮਾ (ਦੋਵੇਂ ਵਿਧਾਇਕ) ਨੇ ਵੀ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਵਰਿੰਦਰ ਸਿੰਘ ਵਿੱਕੀ ਭਿੰਡਰ ਨੇ ਕੀਤਾ। ਨਵਜੋਤ ਸਿੱਧੂ ਨੇ ਗਿਲਾ ਕੀਤਾ ਕਿ ਮੈਨੂੰ ਕੇਵਲ ਪਾਰਟੀ ਪ੍ਰਧਾਨ ਬਣਾਇਆ ਗਿਆ ਹੈ ਜਿਸ ਕੋਲ ਸੈਕਟਰੀ ਤੇ ਮੈਂਬਰ ਥਾਪਣ ਦੀ ਤਾਕਤ ਹੁੰਦੀ ਹੈ। ਮੇਰੇ ਕੋਲੋਂ ਉਹ ਤਾਕਤ ਵੀ ਖੋਹੀ ਜਾ ਰਹੀ ਹੈ। ਮੈਂ ਹੋਮ ਮਨਿਸਟਰ ਹੁੰਦਾ ਤਾਂ ਕੁੱਝ ਦਿਨਾਂ ਵਿਚ ਬਾਦਲਾਂ ਨੂੰ ਅੰਦਰ ਕਰ ਦੇਂਦਾ। ਕੁੱਝ ਕੀਤੇ ਬਿਨਾਂ ਲੋਕ ਤੁਹਾਡੇ ਨਾਲ ਕਿਵੇਂ ਚਲਣਗੇ?
Navjot Sidhu
ਇਸ ਮੌਕੇ ਨਵਜੋਤ ਸਿੰਘ ਸਿਧੂ ਨੇ ਪੰਜਾਬ ਮਾਡਲ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ ਤੇ ਇਕ ਲੱਖ ਚਾਲੀ ਹਜ਼ਾਰ ਕਰੋੜ ਦਾ ਸਾਲਾਨਾ ਖਰਚਾ ਹੈ। ਉਨ੍ਹਾਂ ਕਿਹਾ ਕਿ ਪੱਚੀ ਹਜ਼ਾਰ ਕਰੋੜ ਪਿਛਲੇ ਕਰਜ਼ੇ ਦਾ ਵਿਆਜ ਦੇਣ ’ਤੇ ਨਿਕਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਬਣਾ ਕੇ ਸ਼ਰਾਬ ਤੇ ਰੇਤ ਦੀ ਵਿਕਰੀ ਦਾ ਕਾਰੋਬਾਰ ਸਰਕਾਰ ਅਪਣੇ ਹੱਥ ਵਿਚ ਲਵੇਗੀ ਜਿਸ ਨਾਲ ਪ੍ਰਾਈਵੇਟ ਸੈਕਟਰ ਦੀਆਂ ਜੇਬਾਂ ਵਿਚ ਜਾਣ ਵਾਲੀ ਰਾਸ਼ੀ ਤੇ ਬਾਕੀ ਚੋਰ ਮੋਰੀਆਂ ਬੰਦ ਕੀਤੇ ਜਾਣ ਨਾਲ ਸਾਰਾ ਪੈਸਾ ਸਰਕਾਰ ਦੇ ਖ਼ਜ਼ਾਨੇ ਵਿਚ ਆਵੇਗਾ ਤੇ ਸਰਕਾਰ ਦੀ ਆਮਦਨ ਵਿਚ ਵਾਧਾ ਹੋਵੇਗਾ।
Navjot Sidhu
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਬੇ ਨਾਨਕ ਦੀ ਕਿਰਪਾ ਨਾਲ ਅਸੀਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਵਿਚ ਸਫ਼ਲ ਹੋਏ ਹਾਂ ਇਸੇ ਤਰ੍ਹਾਂ ਉਸ ਦੀ ਕਿਰਪਾ ਨਾਲ ਅਸੀਂ ਪੰਜਾਬ ਨੂੰ ਵੀ ਇਸ ਸੰਕਟ ਵਿਚੋਂ ਬਾਹਰ ਕੱਢਣ ਵਿਚ ਕਾਮਯਾਬ ਹੋਵਾਂਗੇ। ਕੈਪਸ਼ਨ-ਰਈਆ ਦੀ ਤਾਰਾਂ ਵਾਲੀ ਗਰਾਊਂਡ ਵਿਖੇ ਸਤਿੰਦਰਜੀਤ ਸਿੰਘ ਛੱਜਲਵੱਡੀ ਦੇ ਹੱਕ ਵਿੱਚ ਕਰਾਈ ਗਈ ਕਾਨਫਰੰਸ ਦੌਰਾਨ ਮੰਚ ਤੇ ਬੈਟੇ ਹਨ ਨਵਜੋਤ ਸਿੰਘ ਸਿਧੂ, ਜਸਬੀਰ ਸਿੰਘ ਡਿੰਪਾ,ਫਤਿਹਜੰਗ ਸਿੰਘ ਬਾਜਵਾ, ਡਾ.ਭਾਰਦਵਾਜ, ਪਲਵਿੰਦਰ ਸਿੰਘ ਪੱਪਾ ਤੇ ਪੰਡਾਲ ਵਿੱਚ ਉਮਡਿਆ ਲੋਕਾਂ ਦਾ ਹਜੂਮ -ਫੋਟੋ-ਸੰਧੂ