
ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਕੀਤੀ ਫਾਇਰਿੰਗ
ਪੰਜਾਬ ਵਿਚ ਇਕ ਵਾਰ ਫਿਰ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਮਿਲੀ ਹੈ। ਮਾਨਸਾ ਦੇ ਬੁਢਲਾਡਾ ਕਸਬੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਈ। ਖੁਸ਼ਕਿਸਮਤੀ ਨਾਲ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਗੁਪਤ ਸੂਚਨਾ ਦੇ ਆਧਾਰ 'ਤੇ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ, ਇਸੇ ਦੌਰਾਨ ਮਾਨਸਾ 'ਚ ਗੈਂਗਸਟਰਾਂ ਨੇ ਪਹਿਲਾਂ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਫਿਰ ਉਸ 'ਤੇ ਗੋਲੀਆਂ ਚਲਾ ਦਿੱਤੀਆਂ।
ਪੁਲਿਸ ਨੇ ਵੀ ਮੌਕੇ 'ਤੇ ਗੋਲੀਬਾਰੀ ਕਰਕੇ ਜਵਾਬੀ ਕਾਰਵਾਈ ਕੀਤੀ ਪਰ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋ ਗਏ। ਗੱਡੀ ਵਿੱਚ ਸਵਾਰ ਗੈਂਗਸਟਰ ਦੀ ਪਛਾਣ ਜੱਸਾ ਨਾਨਕਸਰੀਆ ਤੇ ਉਸ ਦਾ ਸਾਥੀਆਂ ਵਜੋਂ ਹੋਈ ਹੈ।
ਗੈਂਗਸਟਰ ਬਠਿੰਡਾ ਨਾਲ ਸਬੰਧਤ ਦੱਸੇ ਜਾਂਦੇ ਹਨ ਅਤੇ ਪੁਲਿਸ ਵੀ ਬਠਿੰਡਾ ਤੋਂ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ। ਫਿਲਹਾਲ ਪੁਲਿਸ ਨੇ ਨਾਕਾਬੰਦੀ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਜੱਸਾ ਨਾਨਕਸਰੀਆ ਕਈ ਅਪਰਾਧਿਕ ਮਾਮਲਿਆਂ 'ਚ ਸ਼ਾਮਲ ਹੈ ਅਤੇ ਜ਼ਮਾਨਤ 'ਤੇ ਬਾਹਰ ਸੀ।