‘ਆਪ’ ਆਗੂਆਂ ਨੇ ਪ੍ਰੈਸ ਕਾਨਫਰੰਸਾਂ ਦੌਰਾਨ ਪਿੰਡਾਂ ਦੇ ਵਿਕਾਸ ਸਬੰਧੀ ਨਹੀਂ ਕੀਤੀ ਕੋਈ ਗੱਲ
ਚੰਡੀਗੜ੍ਹ : ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਹਨ। ਉਨ੍ਹਾਂ ਕਿਹਾ ਭਾਰਤ ਕਿ ‘ਭਾਰਤ ’ਚ ਥ੍ਰੀ ਟਾਇਰ ਸਿਸਟਮ ਆਫ਼ ਗਵਰਨੈਂਸ ਹੈ, ‘ਕੇਂਦਰ ਸਰਕਾਰ, ਸੂਬਾ ਸਰਕਾਰ ਤੇ ਲੋਕਲ ਗਵਰਨੈਂਸ। ਸੂਬੇ ਦੀ ਸੱਤਾਧਾਰੀ ਧਿਰ ਨੂੰ ਦੋ ਮੌਕੇ ਮਿਲਦੇ ਹਨ, ਜਦੋਂ ਉਹ ਦੱਸ ਸਕਦੀ ਹੈ ਕਿ ਉਸ ਨੇ ਕਿੰਨੇ ਵਾਅਦੇ ਪੂਰੇ ਕੀਤੇ। ਲੋਕ ਉੱਥੇ ਵੋਟ ਪਾਉਂਦੇ ਨੇ ਕਿ ਅਸਲ ਵਿੱਚ ਕੰਮ ਹੋਇਆ ਜਾਂ ਨਹੀਂ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਆਏ 3 ਸਾਲ 10 ਮਹੀਨੇ ਹੋ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਐਲਾਨ ਤੋਂ ਬਾਅਦ ਆਪ ਆਗੂਆਂ ਜਿਨ੍ਹਾਂ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮਨੀਸ਼ ਸਿਸੋਦੀਆ ਵਰਗੇ ਆਗੂਆਂ ਦੇ ਨਾਂ ਸ਼ਾਮਲ ਹਨ, ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ। ਪਰ ਕਾਨਫਰੰਸਾਂ ਦੌਰਾਨ ਉਨ੍ਹਾਂ ਵੱਲੋਂ ਇੱਕ ਵੀ ਗੱਲ ਪੇਂਡੂ ਖੇਤਰ ਦੇ ਵਿਕਾਸ ਬਾਰੇ ਨਹੀਂ ਦੱਸੀ ਗਈ।
ਮਨੋਰੰਜਨ ਕਾਲੀਆ ਨੇ ਕਿਹਾ ਕਿ ਅਸੀਂ ਵੀ ਸਰਕਾਰ ਨੂੰ ਸਰਕਸ ਦਿਖਾ ਰਹੇ ਹਾਂ,ਸੜਕਾਂ ਦੀ ਹਾਲਤ ਕੀ ਹੈ, ਸਕੂਲਾਂ ਦੀ ਹਾਲਤ ਕੀ ਹੈ, ਉਹ ਸਭ ਦਿਖਾ ਰਹੇ ਹਾਂ, ਪਰ ਇਹ ਲੋਕ ਅੱਜ ਤੱਕ ਕੁਝ ਨਹੀਂ ਦੱਸ ਸਕੇ। ਸਿਰਫ਼ ਦੂਜਿਆਂ ਤੇ ਇਲਜ਼ਾਮ ਲਗਾਉਂਦੇ ਰਹੇ ਹਨ। ਇਹ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਕੀਤੇ ਵਿਕਾਸ ਦੇ ਕੰਮ ਨਹੀਂ ਗਿਣਾ ਸਕੇ।
ਮਨੋਰੰਜਨ ਕਾਲੀਆ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਪੰਚਾਂ ਦਾ ਮਾਣ ਭੱਤਾ 1200 ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਹੈ, ਪਰ ਨਾਲ ਇਹ ਵੀ ਕਹਿ ਦਿੱਤਾ ਹੈ ਕਿ ਪੰਚਾਇਤਾਂ ਨੂੰ ਇਹ ਮਾਣ ਭੱਤਾ ਪੰਚਾਇਤੀ ਆਮਦਨ ਵਿਚੋਂ ਹੀ ਦਿੱਤਾ ਜਾਵੇਗਾ। ਜਿਨ੍ਹਾਂ ਪੰਚਾਇਤਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ, ਉਨ੍ਹਾਂ ਲਈ ਮਾਣਭੱਤੇ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਵੇਗਾ। ਇਸ ਤੋਂ ਸਰਕਾਰ ਦੀ ਪਤਲੀ ਹਾਲਤ ਦਾ ਪਤਾ ਚਲਦਾ ਹੈ।
ਮਨੋਰੰਜਨ ਕਾਲੀਆ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਕਹਾਂਗੇ ਕਿ 13 ਦਸੰਬਰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ, ਪਿੰਡਾਂ ਵਿੱਚ ਜਾ ਕੇ ਦੱਸੋ ਕਿ ਤੁਹਾਡੀ ਪ੍ਰਾਪਤੀ ਕੀ ਹੈ, ਕੀ ਬਦਲਾਅ ਲਿਆਂਦਾ ਹੈ।
