
ਚਰਚਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਕਾਂਡ ਦੇ ਪੀੜਤਾਂ ਦੇ ਬਿਆਨ ਕਲਮਬੰਦ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ ਵਿਧਾਇਕ ਸੁਖਪਾਲ ਸਿੰਘ ਖਹਿਰਾ........
ਬਰਗਾੜੀ : ਚਰਚਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਕਾਂਡ ਦੇ ਪੀੜਤਾਂ ਦੇ ਬਿਆਨ ਕਲਮਬੰਦ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ਟੀਮ ਨੇ ਜਿਥੇ ਪੀੜਤਾਂ ਨਾਲ ਦੁੱਖ ਸਾਂਝਾ ਕੀਤਾ, ਉੱਥੇ ਉਨਾ ਨੂੰ ਧੀਰਜ ਰੱਖਣ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਜੇਕਰ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਜੇਲ ਦੀਆਂ ਸਲਾਖਾਂ ਪਿੱਛੇ ਡੱਕ ਸਕਦੀ ਹੈ ਤਾਂ ਸਾਨੂੰ ਕਾਨੂੰਨੀ ਲੜਾਈ ਤੋਂ ਇਨਸਾਫ਼ ਮਿਲਣ ਦੀ ਆਸ ਰੱਖਣੀ ਚਾਹੀਦੀ ਹੈ।
ਪਿੰਡ ਦੇ ਕਰੀਬ 10 ਪੀੜਤਾਂ 'ਚ ਸ਼ਾਮਲ ਮਰਦ/ਔਰਤਾਂ ਨੇ ਪੁਲਿਸੀਆ ਅਤਿਆਚਾਰ ਦੀ ਹੱਡਬੀਤੀ ਸੁਖਪਾਲ ਸਿੰਘ ਖਹਿਰਾ ਨੂੰ ਸੁਣਾਉਂਦਿਆਂ ਦਸਿਆ ਕਿ ਪੁਲਿਸ ਵਲੋਂ ਕੀਤੇ ਥਰਡ ਡਿਗਰੀ ਤਸ਼ੱਦਦ ਕਾਰਨ ਕੁਝ ਪੀੜਤ ਮਾਨਸਕ ਰੋਗੀ ਹੋ ਗਏ। ਉਨ੍ਹਾਂ ਜਸਟਿਸ ਜੋਰਾ ਸਿੰਘ ਦੇ ਬਿਆਨ ਪ੍ਰਤੀ ਸਖ਼ਤ ਇਤਰਾਜ ਪ੍ਰਗਟਾਉਂਦਿਆਂ ਆਖਿਆ ਕਿ ਭਾਵੇਂ ਉਹ ਅਪਣੇ ਗੁਰੂ ਲਈ ਜਾਨ ਤਕ ਕੁਰਬਾਨ ਕਰਨ ਲਈ ਤਿਆਰ ਹਨ ਪਰ ਜੋਰਾ ਸਿੰਘ ਵਲੋਂ ਪੀੜਤਾਂ ਤੋਂ ਪੁਲਿਸ ਬਾਰੇ ਪੁੱਛਗਿੱਛ ਨਾ ਕਰਨ ਵਾਲਾ ਦਿਤਾ ਗਿਆ ਬਿਆਨ ਬਰਦਾਸ਼ਤ ਤੋਂ ਬਾਹਰ ਹੈ। ਕਿਉਂਕਿ ਪੰਜਾਬ 'ਚ ਕੋਈ ਵੀ ਅਜਿਹਾ ਪੁਲਿਸ ਦਾ ਤਸੀਹਾ ਕੇਂਦਰ ਨਹੀਂ ਹੈ,
ਜਿਥੇ ਲਿਜਾ ਕੇ ਉਨ੍ਹਾਂ ਤੋਂ ਪੁੱਛਗਿੱਛ ਨਾ ਕੀਤੀ ਗਈ ਹੋਵੇ। ਪੀੜਤਾਂ ਨੇ ਦੁੱਖ ਸਾਂਝਾ ਕਰਦਿਆਂ ਆਖਿਆ ਕਿ ਜੇਕਰ ਜਸਟਿਸ ਜੋਰਾ ਸਿੰਘ ਨੇ ਪੂਰੀ ਸਿੱਖ ਕੌਮ ਤੋਂ ਮਾਫ਼ੀ ਨਾ ਮੰਗੀ ਤਾਂ ਉਹ ਜਸਟਿਸ ਜੋਰਾ ਸਿੰਘ ਦੇ ਪੁਤਲੇ ਫੂਕਣ ਲਈ ਮਜਬੂਰ ਹੋਣਗੇ, ਕਿਉਂਕਿ ਸਰੀਰਕ ਪੀੜਾਂ ਨਾਲੋਂ ਮਾਨਸਕ ਪੀੜਾ ਜ਼ਿਆਦਾ ਦੁਖਦਾਇਕ ਅਤੇ ਅਸਹਿ ਹੁੰਦੀ ਹੈ। ਇਸ ਸਮੇਂ ਹਲਕਾ ਵਿਧਾਇਕ ਬਲਦੇਵ ਸਿੰਘ ਜੈਤੋ, ਰਣਜੀਤ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਸੁਖਪਾਲ ਸਿੰਘ, ਗੁਰਮੁੱਖ ਸਿੰਘ, ਗ੍ਰੰਥੀ ਗੋਰਾ ਸਿੰਘ, ਰੁਪਿੰਦਰ ਸਿੰਘ, ਮਨਪ੍ਰੀਤ ਸਿੰਘ ਸਮੇਤ ਭਾਰੀ ਗਿਣਤੀ 'ਚ ਪਿੰਡ ਵਾਸੀ ਅਤੇ ਪੀੜਤ ਪਰਵਾਰ ਵੀ ਹਾਜ਼ਰ ਸਨ।