
ਆਗਾਮੀ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਅੱਜ ਬਠਿੰਡਾ 'ਚ ਦਲ ਬਦਲੀਆਂ ਦੀਆਂ ਉਪਰਥੱਲੇ ਵਾਪਰੀਆਂ ਦੋ ਸਿਆਸੀਆਂ ਘਟਨਾਵਾਂ ਨੇ ਪੋਹ ਦੇ ਮਹੀਂਨੇ 'ਚ..........
ਬਠਿੰਡਾ : ਆਗਾਮੀ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਅੱਜ ਬਠਿੰਡਾ 'ਚ ਦਲ ਬਦਲੀਆਂ ਦੀਆਂ ਉਪਰਥੱਲੇ ਵਾਪਰੀਆਂ ਦੋ ਸਿਆਸੀਆਂ ਘਟਨਾਵਾਂ ਨੇ ਪੋਹ ਦੇ ਮਹੀਂਨੇ 'ਚ ਸਿਆਸੀ ਗਰਮਾਹਟ ਭਰ ਦਿਤੀ। ਇਸ ਸਿਆਸੀ ਘਟਨਾਕ੍ਰਮ 'ਚ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਮੌਜੂਦਾ ਅਤੇ ਇਕ ਸਾਬਕਾ ਕੌਂਸਲਰ ਨੇ ਪਾਰਟੀ ਨੂੰ ਅਲਵਿਦਾ ਕਹਿ ਦਿਤੀ, ਉਥੇ ਕਾਂਗਰਸ ਦੇ ਨਾਲ ਲੰਮਾ ਸਮਾਂ ਸਬੰਧਤ ਰਹੇ ਇਕ ਮੌਜੂਦਾ ਤੇ ਇਕ ਸਾਬਕਾ ਕੌਂਸਲਰ ਨੇ ਸੈਂਕੜੇ ਸਾਥੀਆਂ ਸਹਿਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦਾ ਪੱਲਾ ਫੜ ਲਿਆ।
ਹਾਲਾਂਕਿ ਕਰੀਬ ਚਾਰ ਮਹੀਨੇ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਉਕਤ ਕੌਂਸਲਰਾਂ ਵਲੋਂ ਅਕਾਲੀ ਦਲ ਵਿਚ ਜਾਣ ਦੀਆਂ ਲੰਮੇ ਸਮੇਂ ਤੋਂ ਕਿਆਸਅਰਾਈਆਂ ਚੱਲ ਰਹੀਆਂ ਸਨ ਪ੍ਰੰਤੂ ਅਕਾਲੀ ਦਲ ਨਾਲ ਸਬੰਧਤ ਕੌਂਸਲਰਾਂ ਵਲੋਂ ਅਚਾਨਕ ਅੱਧੇ ਘੰਟੇ 'ਚ ਰੱਖੇ ਪ੍ਰੋਗਰਾਮ ਨੇ ਸਭ ਨੂੰ ਹੈਰਾਨੀ ਵਿਚ ਪਾ ਦਿਤਾ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵਲੋਂ ਜਿਥੇ ਮਨਪ੍ਰੀਤ ਸਿੰਘ ਬਾਦਲ ਨੂੰ ਧੋਬੀ ਪਟਕਾ ਮਾਰਨ ਲਈ ਅੱਜ ਦਾ ਪ੍ਰੋਗਰਾਮ ਰੱਖਿਆ ਸੀ, ਉਥੇ ਅਕਾਲੀ ਕੌਂਸਲਰਾਂ ਨੂੰ ਅੱਗੇ ਕਰਕੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਟੀਮ ਨੇ ਵੀ ਵੱਡਾ ਦਾਅ ਖੇਡਿਆ ਹੈ।
ਸੂਤਰਾਂ ਮੁਤਾਬਕ ਅਕਾਲੀ ਕੌਂਸਲਰਾਂ ਦੇ ਅਚਾਨਕ ਅਸਤੀਫ਼ਿਆਂ ਦੀ ਸਕ੍ਰਿਪਟ ਕਾਫੀ ਲੰਮੇ ਸਮੇਂ ਤੋਂ ਲਿਖੀ ਜਾ ਰਹੀ ਸੀ ਪ੍ਰੰਤੂ ਇਸਤੋਂ ਪਰਦਾ ਅੱਜ ਉਠਾਇਆ ਗਿਆ। ਦਸਣਾ ਬਣਦਾ ਹੈ ਕਿ ਅਕਾਲੀ ਦਲ ਛੱਡਣ ਵਾਲੇ ਕੌਂਸਲਰਾਂ ਵਿਚੋਂ ਮਾਸਟਰ ਹਰਮਿੰਦਰ ਸਿੰਘ ਅਤੇ ਨਿਰਮਲ ਸਿੰਘ ਸੰਧੂ ਨਗਰ ਨਿਗਮ ਦੀ ਸੱਭ ਤੋਂ ਤਾਕਤਵਰ ਕਮੇਟੀ 'ਵਿੱਤੀ ਅਤੇ ਠੇਕਾ ਕਮੇਟੀ' ਦੇ ਮੈਂਬਰ ਸਨ। ਜਦੋਂ ਬਲਜੀਤ ਸਿੰਘ ਰਾਜੂ ਸਰਾ ਅਤੇ ਰਜਿੰਦਰ ਸਿੰਘ ਸਿੱਧੂ ਦੂਜੀ ਵਾਰ ਜਿਤ ਕੇ ਕੌਂਸਲਰ ਬਣੇ ਸਨ। ਇਸੇ ਤਰ੍ਹਾਂ ਰਜਿੰਦਰ ਸਿੰਘ ਉਰਫ਼ ਰਾਜੂ ਮਾਨ ਦੀ ਪਤਨੀ ਪਰਵਿੰਦਰ ਕੌਰ ਪਿਛਲੇ ਪਲਾਨ 'ਚ ਅਕਾਲੀ ਦਲ ਵਲੋਂ ਕੌਂਸਲਰ ਸੀ।
ਮਹੱਤਵਪੂਰਨ ਗੱਲ ਇਹ ਵੀ ਹੈ ਕਿ ਉਕਤ ਪੰਜੇ ਆਗੂ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਪੰਜਾਂ ਸਰਕਲਾਂ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸਦੇ ਇਲਾਵਾ ਉਨ੍ਹਾਂ ਦੇ ਨਾਲ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਤੇ ਬੀਸੀ ਵਿੰਗ ਦੇ ਪ੍ਰਧਾਨ ਸੁਰਜੀਤ ਸਿੰਘ ਨਾਗੀ ਸਹਿਤ ਕਈ ਹੋਰ ਅਕਾਲੀ ਦਲ ਛੱਡਣ ਵਾਲਿਆਂ ਵਿਚ ਸ਼ਾਮਲ ਹਨ। ਉਧਰ ਦੂਜੇ ਪਾਸੇ ਕਾਂਗਰਸ ਨੂੰ ਅਲਵਿਦਾ ਕਹਿਣ ਵਾਲਿਆਂ ਵਿਚੋਂ ਸ਼ੈਰੀ ਗੋਇਲ ਜਿਥੇ ਮੌਜੂਦਾ ਕੌਂਸਲਰ ਹੈ, ਉਥੇ ਸਾਬਕਾ ਕੌਂਸਲਰ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਇਕਬਾਲ ਸਿੰਘ ਬਬਲੀ ਢਿੱਲੋਂ ਦਾ ਅਪਣਾ ਇਕ ਸ਼ਹਿਰ ਵਿਚ ਰਸੂਖ ਹੈ।
ਬਹਰਹਾਲ ਅੱਜ ਵਾਪਰੇ ਇਸ ਸਿਆਸੀ ਘਟਨਾਕ੍ਰਮ ਦੇ ਨਤੀਜੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਸਾਹਮਣੇ ਆਉਣਗੇ ਪ੍ਰੰਤੂ ਇਸ ਘਟਨਾਕ੍ਰਮ ਨੇ ਬਠਿੰਡਾ ਦੇ ਲੋਕਾਂ ਨੂੰ ਮਸ਼ਹੂਰ ਹਿੰਦੀ ਫ਼ਿਲਮ 'ਸੋਅਲੇ' ਦਾ ਉਹ ਡਾਇਲਾਗ ਜ਼ਰੂਰ ਯਾਦ ਕਰਵਾ ਦਿਤਾ ਹੈ, ਜਿਸ ਵਿਚ ਵੀਰੂ ਗੱਭਰ ਸਿੰਘ ਨੂੰ ਇਹ ਕਹਿੰਦਾ ਹੈ ਕਿ 'ਤੁਮ ਅਗਰ ਏਕ ਮਾਰੋਗੇ ਤੋਂ ਹਮ ਚਾਰ ਮਾਰੇਂਗੇ'।