
ਕੈਪਟਨ ਦੀ ਥਾਂ ਮਨਪ੍ਰੀਤ ਬਾਦਲ ਨੇ ਅਬੋਹਰ 'ਚ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ
ਮੁੱਖ ਮੰਤਰੀ ਦਾ ਦੌਰਾ ਮੌਕੇ 'ਤੇ ਰੱਦ ਹੋਣ ਕਾਰਨ ਸ਼ਹਿਰ ਵਾਸੀਆਂ ਵਿਚ ਛਾਈ ਮਾਯੂਸੀ
ਅਬੋਹਰ, 12 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ): ਅਬੋਹਰ ਸ਼ਹਿਰ ਵਿਚ ਬਹੁਕਰੋੜੀ ਵਿਕਾਸ ਕਾਰਜ ਪ੍ਰਾਜੈਕਟਾਂ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨੀ ਸੀ ਪਰ ਮੌਕੇ ਤੇ ਪ੍ਰਸ਼ਾਸਨ ਮੁਤਾਬਕ ਮੌਸਮ ਦੀ ਖ਼ਰਾਬੀ ਕਾਰਨ ਮੁੱਖ ਮੰਤਰੀ ਦੀ ਥਾਂ ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਿਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਆਦਿ ਨੇ ਉਕਤ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ |
ਮੁੱਖ ਮੰਤਰੀ ਨੂੰ ਸੁਣਨ ਪੁੱਜੀ ਜਨਤਾ ਨੂੰ ਮੌਕੇ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਦੌਰਾ ਰੱਦ ਹੋਣ ਕਾਰਨ ਮਾਯੂਸੀ ਮਿਲੀ ਪਰ ਸ਼ਹਿਰ ਲਈ ਸ਼ੁਰੂ ਹੋਣ ਜਾ ਰਹੇ ਬਹੁਕਰੋੜੀ ਵਿਕਾਸ ਕਾਰਜਾਂ ਨੇ ਸ਼ਹਿਰ ਵਾਸੀਆਂ ਦੇ ਚਿਹਰੇ 'ਤੇ ਰੌਣਕ ਲੈ ਆਂਦੀ | ਇਸ ਮੌਕੇ ਕਾਂਗਰਸ ਹਲਕਾ ਇੰਚਾਰਜ ਸੰਦੀਪ ਜਾਖੜ, ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਮਲਾ, ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦੇ ਪੰਜਾਬ ਪ੍ਰਧਾਨ ਸੁਖਵੰਤ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਰੰਜਮ ਕਾਮਰਾ, ਵਿਮੱਲ ਠੱਠਈ, ਸੁਧੀਰ ਨਾਗਪਾਲ, ਬਲਬੀਰ ਸਿੰਘ ਦਾਨੇਵਾਲੀਆ, ਹਰਪ੍ਰੀਤ ਸਿੰਘ ਸਿੱਧੂ ਆਦਿ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪੁਰਾਣੇ ਵਾਟਰ ਵਰਕਰ ਕੋਲ 5 ਨੀਂਹ ਪੱਥਰਾਂ ਦਾ ਉਦਘਾਟਨ ਕਰਨ ਉਪਰੰਤ ਮਨਪ੍ਰੀਤ ਸਿੰਘ ਬਾਦਲ, ਸੁਨੀਲ ਜਾਖੜ ਅਤੇ ਵਿਜੈਇੰਦਰ ਸਿੰਗਲਾ ਨੇ ਨਹਿਰੀ ਕਲੋਨੀ ਵਿਚ ਵੀ 3 ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਦੇ ਹੋਏ ਰੈਲੀ ਵਿਚ ਸਮੂਲੀਅਤ ਕੀਤੀ |
ਅਬੋਹਰ ਹਲਕੇ ਲਈ 202 ਕਰੋੜ ਦੇ ਕਰੀਬ 12 ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਪੁੱਜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਸਵਾਗਤ ਹਲਕਾ ਇੰਚਾਰਜ ਸੰਦੀਪ ਜਾਖੜ ਨੇ ਕੀਤਾ ਅਤੇ ਸੱਭ ਤੋਂ ਪਹਿਲਾਂ ਦਿੱਲੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਲਈ ਸੱਭ ਨੇ 2 ਮਿੰਟ ਦਾ ਮੌਨ ਰੱਖ ਕੇ ਕਿਸਾਨਾਂ ਨੂੰ ਸ਼ਰਧਾਂਜਲੀ ਦਿਤੀ | ਇਸ ਉਪਰੰਤ ਵਿਜੈਇੰਦਰ ਸਿੰਗਲਾ ਨੇ ਸੰਬੋਧਨ ਕਰਦੇ ਹੋਏ ਅਬੋਹਰ ਦੇ ਬਰਾਂਚ ਸਕੂਲ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਮਲੋਟ ਚੌਕ ਤੋਂ ਹਨੂੰਮਾਨਗੜ੍ਹ ਚੌਕ ਅਤੇ ਸੀਤੋ ਰੋਡ ਨੂੰ ਚੋੜਾ ਕਰਨ ਦਾ ਪ੍ਰਾਜੈਕਟ ਸ਼ੁਰੂ ਕਰ ਦਿਤਾ ਗਿਆ ਹੈ | ਮਨਪ੍ਰੀਤ ਬਾਦਲ ਨੇ ਅਪਣੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਦਾ ਗੱਲਾ ਤਾਂ ਜਾਖੜ ਸਾਬ ਕੋਲ ਹੀ ਹੈ, ਇਹ ਚਾਹੁੰਣ ਤਾਂ ਜਿਥੇ ਮਰਜ਼ੀ ਵਰਤ ਲੈਣ | ਉਨ੍ਹਾਂ ਕਿਹਾ ਕਿ ਖ਼ਾਲੀ ਖ਼ਜ਼ਾਨੇ ਨਾਲ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਕਾਰਜਕਾਲ ਦੇ ਪਹਿਲੇ 180 ਦਿਨ ਓਵਰ ਡਰਾਫ਼ਟ ਨਾਲ ਕੰਮ ਕੀਤਾ ਪਰ ਹੁਣ ਕੋਵਿਡ ਦੇ ਸੰਕਟ ਭਰੇ ਦਿਨਾਂ ਵਿਚ ਵੀ ਸਰਕਾਰ ਨੂੰ ਕਿਸੇ ਵੀ ਓਵਰ ਡਰਾਫ਼ਟ ਦਾ ਸਹਾਰਾ ਨਹੀਂ ਲੈਣਾ ਪਿਆ |
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ,''ਮੈਂ 1 ਸਾਲ ਬਾਅਦ ਅਪਣੇ ਜੱਦੀ ਹਲਕੇ ਵਿਚ ਆਇਆ ਹਾਂ, ਮੈਂ ਨਿਰਾਸ਼ ਨਹੀਂ ਸੀ ਪਰ ਸੋਚ ਰਿਹਾ ਸੀ ਕਿ ਹਲਕੇ ਵਿਚ ਕੁੱਝ ਲੈ ਕੇ ਹੀ ਜਾਵਾਗਾਂ, ਜੋ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿਚ ਕਰੋੜਾਂ ਦੇ ਪ੍ਰਾਜੈਕਟ ਸ਼ੁਰੂ ਹੋਣ ਜਾ ਰਹੇ ਹਨ | ਅਕਾਲੀ-ਭਾਜਪਾ ਸimageਰਕਾਰ ਦੇ ਕਾਰਜਕਾਲ ਦੌਰਾਨ ਸਿਰਫ਼ ਗੱਲਾਂ ਅਤੇ ਨੋਟਾਂ ਦੇ ਟਰੱਕ ਭਰਨ ਦੇ ਵਾਅਦੇ ਮਿਲੇ ਪਰ ਕਾਂਗਰਸ ਨੇ ਹਮੇਸ਼ਾ ਅਪਣੇ ਕਾਰਜਕਾਲ ਦੌਰਾਨ ਕੰਮ ਕਰ ਕੇ ਦਿਖਾਇਆ |''
ਕੈਪਸ਼ਨ : ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਨੀਲ ਜਾਖੜ ਅਤੇ ਮਨਪ੍ਰੀਤ ਸਿੰਘ ਬਾਦਲ ਅਤੇ ਮੰਚ 'ਤੇ ਹਾਜ਼ਰ ਕਾਂਗਰਸ ਲੀਡਰਸ਼ਿਪ |
ਫੋਟੋ ਫਾਈਲ : ਅਬੋਹਰ-ਖਾਲਸਾ 12-1