
ਤੋਮਰ ਦੇ ਘਰ ਦੇ ਬਾਹਰ ਯੂਥ ਕਾਂਗਰਸ ਨੇ ਥਾਲੀ ਵਜਾ ਕੇ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ
ਨਵੀਂ ਦਿੱਲੀ, 12 ਜਨਵਰੀ : ਕਾਂਗਰਸ ਦੇ ਯੂਥ ਵਿੰਗ ਦੇ ਆਗੂਆਂ ਅਤੇ ਵਰਕਰਾਂ ਨੇ ਮੰਗਲਵਾਰ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਘਰ ਦੇ ਬਾਹਰ ਥਾਲੀ ਵਜਾ ਕੇ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਇਨ੍ਹਾਂ ਨੂੰ ਰੱਕ ਕਰਨ ਦੀ ਮੰਗ ਕੀਤੀ | ਭਾਰਤੀ ਯੂਥ ਕਾਂਗਰਸ ਵਲੋਂ ਜਾਰੀ ਬਿਆਨ ਮੁਤਾਬਕ, ਸੰਗਠਨ ਦੇ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਦੀ ਅਗਵਾਈ 'ਚ ਯੂਥ ਕਾਂਗਰਸ ਦੇ ਕਈ ਅਹੁਦੇਦਾਰਾਂ ਅਤੇ ਵਰਕਰਾਂ ਨੇ ਤੋਮਰ ਦੇ ਘਰ ਦੇ ਬਾਹਰ ਥਾਲੀ ਵਜਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਦੇ ਵਿਰੁਧ ਨਾਹਰੇਬਾਜ਼ੀ ਕੀਤੀ | ਯੂਥ ਕਾਂਗਰਸ ਨੇ ਕਿਹਾ ਕਿ ਪੁਲਿਸ ਨੇ ਸ਼੍ਰੀਨਿਵਾਸ ਅਤੇ ਹੋਰ ਕਈ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਬਾਅਦ 'ਚ ਸਾਰਿਆਂ ਨੂੰ ਛੱਡ ਦਿਤਾ ਗਿਆ |
ਸ਼੍ਰੀਨਿਵਾਸ ਨੇ ਦਾਅਵਾ ਕੀਤਾ,''ਦੇਸ਼ ਦਾ ਅੰਨਦਾਤਾ ਖੇਤੀ ਕਾਨੂੰਨਾਂ ਵਿਰੁਧ ਅਪਣੀ ਹੋਂਦ ਨੂੰ ਬਚਾਏ ਰਖਣ ਲਈ ਇਤਿਹਾਸਕ ਅੰਦੋਲਨ ਕਰ ਰਿਹਾ ਹੈ, ਜਿਸ 'ਚ 60 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਇਹ ਸਰਕਾਰ ਤਾਨਾਸ਼ਾਹੀ 'ਤੇ ਉਤਰ ਆਈ ਹੈ |'' ਭਾਰਤੀ ਯੂਥ ਕਾਂਗਰਸ ਦੇ ਰਾਸ਼ਟਰੀ ਇੰਚਾਰਜ ਕ੍ਰਿਸ਼ਣਾ ਅਲਾਵਰੁ ਨੇ ਕਿਹਾ, ''ਜਦੋਂ ਤਕ ਇਹ ਕਿਸਾਨ ਵਿਰੋਧੀ ਸਰਕਾਰ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤਕ ਯੂਥ ਕਾਂਗਰਸ ਚੈਨ ਨਾਲ ਨਹੀਂ ਬੈਠੇਗੀ | ਅਸੀਂ ਸਰਕਾਰ ਤੇ ਮੰਤਰੀਆਂ ਨੂੰ ਜਗਾਉਂਦੇ ਰਹਾਂਗੇ |''
ਸੰਗਠਨ ਨੇ ਰਾਸ਼ਟਰਤੀ ਮੀਡੀਆ ਇੰਚਾਰਜ ਰਾਹੁਲ ਰਾਵ ਨੇ ਕਿਹਾ, ''ਭਾਰਤੀ ਯੂਥ ਕਾਂਗਰਸ ਇਹ ਮੰਗ ਕਰਦੀ ਹੈ ਕਿ ਛੇਤੀ ਤੋਂ ਛੇਤੀ ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ |'' (ਪੀਟੀਆਈ)
image