
ਬਾਜ਼ਾਰ ਵਿਚ 1000 ਰੁਪਏ ਦੀ ਕੀਮਤ 'ਤੇ ਮਿਲੇਗੀ ਸੀਰਮ ਦੀ ਕੋਰੋਨਾ ਵੈਕਸੀਨ
ਇਕ ਸਾਲ ਤੋਂ ਘੱਟ ਸਮੇਂ 'ਚ ਟੀਕਾ ਵਿਕਸਤ ਕਰਨਾ ਮਾਣ ਦੀ ਗੱਲ : ਪੂਨਾਵਾਲਾ
ਪੁਣੇ, 12 ਜਨਵਰੀ : ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਦੇਸ਼ ਭਰ ਵਿਚ 16 ਜਨਵਰੀ ਤੋਂ ਸ਼ੁਰੂ ਹੋ ਰਹੀ ਕੋਵਿਡ-19 ਟੀਕਾਕਰਣ ਮੁਹਿੰਮ ਲਈ ਕੋਵਿਸ਼ੀਲਡ ਵੈਕਸੀਨ ਦੀ ਸਪਲਾਈ ਨੂੰ ਮਾਣ ਅਤੇ ਇਤਿਹਾਸਕ ਪਲ ਕਰਾਰ ਦਿਤਾ | ਉਨ੍ਹਾਂ ਕਿਹਾ ਕਿ ਸੀਰਮ ਨੇ ਭਾਰਤ ਸਰਕਾਰ ਨੂੰ 200 ਰੁਪਏ ਦੀ ਵਿਸ਼ੇਸ਼ ਕੀਮਤ 'ਤੇ ਵੈਕਸੀਨ ਦਿਤੀ ਹੈ | ਇਹ ਦੁਨੀਆ ਦੇ ਸੱਭ ਤੋਂ ਸਸਤੇ ਵੈਕਸੀਨ ਵਿਚੋਂ ਇਕ ਹੈ ਅਤੇ ਅਸੀਂ ਪ੍ਰਧਾਨ ਮੰਤਰੀ ਜਰੀਏ ਅਤੇ ਦੇਸ਼ ਦੀ ਜਨਤਾ ਦਾ ਸਾਥ ਦੇਣ ਲਈ ਭਾਰਤ ਸਰਕਾਰ ਨੂੰ ਵਿਸ਼ੇਸ਼ ਕੀਮਤ 'ਤੇ ਇਸ ਨੂੰ ਉਪਲੱਬਧ ਕਰਵਾ ਰਹੇ ਹਾਂ | ਉਨ੍ਹਾਂ ਕਿਹਾ ਕਿ ਜ਼ਰੂਰੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਵੈਕਸੀਨ ਬਾਜ਼ਾਰ ਵਿਚ 1000 ਰੁਪਏ ਦੀ ਕੀਮਤ 'ਤੇ ਉਪਲੱਬਧ ਹੋਵੇਗੀ |
ਸੀਰਮ ਇੰਸਟੀਚਿਊਟ ਵਿਚ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੂਨਾਵਾਲਾ ਨੇ ਕਿਹਾ ਕਿ ਅਸਲੀ ਚੁਣੌਤੀ ਟੀਕੇ ਨੂੰ ਆਮ ਜਨਤਾ, ਸੰਵੇਦਨਸ਼ੀਲ ਸਮੂਹਾਂ ਅਤੇ ਸਿਹਤ ਕਰਮਚਾਰੀਆਂ ਤਕ ਪਹੁੰਚਾਣਾ ਹੈ | ਜ਼ਿਕਰਯੋਗ ਹੈ ਕਿ ਮੰਗਲਵਾਰ ਤੜਕੇ, ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਭੇਜੀ ਗਈ |
ਪੂਨਾਵਾਲਾ ਨੇ ਕਿਹਾ, ''ਸਾਡੇ ਟਰੱਕ ਤੜਕੇ ਇੰਸਟੀਚਿਊਟ ਤੋਂ ਰਵਾਨਾ ਹੋਏ ਅਤੇ ਹੁਣ ਟੀਕਾ ਪੂਰੇ ਦੇਸ਼ ਵਿਚ ਭੇਜਿਆ ਜਾ ਰਿਹਾ ਹੈ | ਇਹ ਮਾਣ ਅਤੇ ਇਤਿਹਾਸਕ ਪਲ ਹੈ ਕਿਉਾਕਿ ਵਿਗਿਆਨੀਆਂ, ਮਾਹਰਾਂ ਅਤੇ ਇਸ ਨਾਲ ਜੁੜੇ ਤਮਾਮ ਲੋਕਾਂ ਨੇ ਇੱਕ ਸਾਲ ਤੋਂ ਵੀ ਘੱਟ 'ਚ ਟੀਕਾ ਵਿਕਸਿਤ ਕਰਨ 'ਚ ਬਹੁਤ ਮਿਹਨਤ ਕੀਤੀ ਹੈ |''