
ਕਿਸਾਨੀ ਮੋਰਚੇ ’ਤੇ ਪੁੱਜਾ ਚਲਦਾ ਫਿਰਦਾ ਸਿੱਖ ਮਿਊਜ਼ੀਅਮ
ਦਰਸ਼ਨ ਕਰ ਕੇ ਕਿਸਾਨਾਂ ਵਿਚ ਭਰਿਆ ਜੋਸ਼
ਚੰਡੀਗੜ੍ਹ, 12 ਜਨਵਰੀ (ਅਰਪਨ ਕੌਰ): ਕੇਂਦਰ ਵਲੋਂ ਬਣਾਏ ਨਵੇਂ ਕਿਸਾਨ ਵਿਰੋਧੀ ਬਿਲਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਜਾਰੀ ਹੈ। ਜਿਥੇ ਦਿੱਲੀ ਧਰਨਾ ਪ੍ਰਦਰਸ਼ਨ ‘ਚ ਨਿੱਤ ਕੋਈ ਨਾ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਉਥੇ ਹੀ ਅੱਜ ਚਲਦਾ ਫਿਰਦਾ ਅਜਾਇਬ ਘਰ ਦੇਖਿਆ ਗਿਆ ਹੈ। “ਦਿੱਲੀਏ ਦਿਆਲਾ ਦੇਖ, ਦੇਗ ਵਿਚ ਉਬਲਦਾ ਨੀ, ਅਜੇ ਤੇਰਾ ਚਿੱਤ ਨਾ ਠਰੇ, ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ, ਤੇਰੇ ਮਹਿਲੀ ਵੜੇ ਕਿ ਵੜੇ” ਮਹਾਨ ਕਵੀ ਸੰਤ ਰਾਮ ਉਦਾਸੀ ਦੀਆਂ ਸਤਰਾਂ ਦਿੱਲੀ ਵਿਚ ਚਲ ਰਹੇ ਕਿਸਾਨੀ ਅੰਦੋਲਨ ’ਤੇ ਪੂਰੀ ਤਰ੍ਹਾਂ ਢੁਕਦੀਆਂ ਹਨ।
ਇੰਨੇ ਸਾਲ ਪਹਿਲਾਂ ਇਤਿਹਾਸ ਦੀ ਪਾਈ ਹੋਈ ਬਾਤ ਅਤੇ ਦਿੱਲੀ ਦੇ ਨਾਲ ਕੀਤਾ ਗਿਆ ਸ਼ਿੰਕਵਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਅੱਜ ਵੀ ਦਿੱਲੀ ਦੇ ਸ਼ਾਹੀ ਫ਼ੁਰਮਾਨਾਂ ਤੋਂ ਨਾਖ਼ੁਸ਼ ਜਨਤਾ ਇਤਿਹਾਸ ਦੀ ਪ੍ਰੇਰਨਾ ਦੇ ਨਾਲ ਇਥੇ ਸ਼ਾਂਤਮਈ ਅੰਦੋਲਨ ਦੇ ਰੂਪ ਵਿਚ ਜੰਗ ਦੇ ਮੈਦਾਨ ’ਚ ਉਤਰੀ ਹੋਈ ਹੈ। ਇਸ ਤਰ੍ਹਾਂ ਦੀ ਪ੍ਰੇਰਨਾ ਨੂੰ ਹੋਰ ਡੂੰਘਾ ਕਰਨ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਵਿਚ ਸਿੱਖ ਅਜਾਇਬ ਘਰ ਕਿਸਾਨਾਂ ਵਲੋਂ ਦਿੱਲੀ ਕਿਸਾਨ ਮੋਰਚੇ ’ਤੇ ਲਿਆਂਦਾ ਗਿਆ ਹੈ। ਇਹ ਤੁਰਦਾ-ਫਿਰਦਾ ਸਿੱਖ ਅਜਾਇਬ ਘਰ ਇਕ ਟਰਾਲੇ ਵਿਚ ਸਜਾਇਆ ਗਿਆ ਹੈ ਜਿਸ ਵਿਚ ਪੰਜਾਬ ਦੇ ਮਹਾਨ ਸ਼ਹੀਦਾਂ ਬੁੱਤ ਲਗਾਏ ਗਏ ਜੋ ਅਪਣੇ ਹੱਕਾਂ ਲਈ ਲੜਦੇ ਹੋਏ ਸ਼ਹੀਦ ਹੋ ਗਏ ਸਨ।
ਇਸ ਵਿਚ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉਬਲਦੀ ਦੇਗ ਵਿਚ ਉਬਾਲਿਆ ਗਿਆ ਸੀ, ਮੈਦਾਨ ਏ ਜੰਗ ਵਿਚ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ, ਸਿੱਖੀ ਦੇ ਵੱਡੇ ਸ਼ਹੀਦ ਭਾਈ ਮਤੀ ਦਾਸ ਜੀ, ਮਹਾਨ ਸ਼ਹੀਦਾਂ ਦੇ ਪੁਤਲਿਆਂ ਦਿੱਲੀ ਅੰਦੋਲਨ ਵਿਚ ਲਿਆਂਦਾ ਗਿਆ ਹੈ ਕਿਉਂਕਿ ਇਸ ਸਮੇਂ ਵੀ ਲੜਾਈ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੀ ਹੈ। ਕਿਸਾਨਾਂ ਵਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿਤੀ ਗਈ ਹੈ ਕਿ ‘ਜਾਂ ਜਿੱਤਾਂਗੇ, ਜਾਂ ਮਰਾਂਗੇ’। ਕਿਸਾਨ ਅੰਦੋਲਨ ਵਿਚ ਲਿਆਂਦਾ ਇਹ ਸਿੱਖ ਅਜਾਇਬ ਘਰ ਪਿੰਡ ਬਲੌਂਗੀ ਜ਼ਿਲ੍ਹਾ ਮੋਹਾਲੀ ਦੇ ਕਿਸਾਨ ਵਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ, ਉਨ੍ਹਾਂ ਦਾ ਕਹਿਣੈ ਕਿ ਮੈਂ ਸਕੂਟਰ ਮਕੈਨਿਕ ਹਾਂ ਤੇ ਇਹ ਸੇਵਾ ਮੈਂ ਤਕਰੀਬਨ 20 ਸਾਲ ਤੋਂ ਨਿਭਾ ਰਿਹਾ ਹਾਂ।
ਸਿੱਖ ਅਜਾਇਬ ਘਰ ਬਣਾਉਣ ਦਾ ਮੇਰੇ ਮਨ ਵਿਚ ਸੀ ਕਿਉਂਕਿ ਸਿੱਖ ਧਰਮ ਵਿਚ ਇੰਨੀਆਂ ਕੁਰਬਾਨੀਆਂ ਹੋਈਆਂ ਹਨ ਕਿ ਸਾਡੇ ਬੱਚੇ ਵੀ ਨਹੀਂ ਜਾਣਦੇ। ਉਨ੍ਹਾਂ ਦਸਿਆ ਕਿ ਬਲੌਂਗੀ ਵਿਚ ਮੈਂ ਸਿੱਖ ਅਜਾਇਬ ਘਰ ਬਣਾਇਆ ਹੋਇਆ ਹੈ, ਉਥੇ ਸਾਰੀਆਂ ਝਾਕੀਆਂ ਹਨ ਪਰ ਇਥੇ ਮੈਂ ਸਿਰਫ਼ ਦੋ ਹੀ ਝਾਕੀਆਂ ਲੈ ਕੇ ਆਇਆ ਹਾਂ। ਉਨ੍ਹਾਂ ਨੇ ਕਿਸਾਨ ਅੰਦੋਲਨ ਵਿਚ ਸਿੱਖ ਅਜਾਇਬ ਘਰ ਲਿਆਉਣ ਦਾ ਕਾਰਨ ਵੀ ਦਸਿਆ ਕਿ ਮੈਨੂੰ ਸਿੱਖ ਅਜਾਇਬ ਘਰ ਚਲਾਉਂਦਿਆ 20 ਸਾਲ ਹੋ ਗਏ ਸੀ ਪਰ ਮੈਨੂੰ ਲੋਕਾਂ ਵਲੋਂ ਕੋਈ ਖ਼ਾਸ ਜਵਾਬ ਨਹੀਂ ਮਿਲਿਆ, ਮੈਂ ਸੋਚਿਆ ਵਿਚ ਕਾਫ਼ੀ ਸੰਗਤ ਹੈ ਉੱਥੇ ਮੇਰੀ ਮਸ਼ਹੂਰੀ ਹੋ ਜਾਵੇਗੀ ਕਿਉਂਕਿ ਕਾਂਗਰਸ-ਅਕਾਲੀ ਸਰਕਾਰਾਂ ਵਲੋਂ ਮੈਨੂੰ ਕੋਈ ਸਹਿਯੋਗ ਨਹੀਂ ਮਿਲਿਆ। ਕਿਸਾਨ ਅੰਦੋਲਨ ਵਿਚ ਕਿਸਾਨ ਨੇ ਕਿਹਾ ਕਿ ਸਿੱਖ ਧਰਮ ਦਾ ਵਿਰਸਾ ਅੱਜਕਲ ਦੇ ਬੱਚੇ ਮੋਬਾਈਲਾਂ, ਟੀਵੀ ਹੋਰ ਪਾਸੇ ਲੱਗ ਗਏ ਪਰ ਹੁਣ ਸਿੱਖ ਵਿਰਸਾ ਦੁਬਾਰਾ ਲੋਕਾਂ ਨੂੰ ਯਾਦ ਹੋ ਗਿਆ ਹੈ ਤੇ ਹੁਣ ਇਥੇ ਦਾਤੇ, ਸੂਰਮੇ, ਭਗਤ ਆ ਗਏ ਹਨ, ਅਸੀਂ ਜਿੱਤ ਕੇ ਹੀ ਜਾਵਾਂਗੇ।