
ਕਿਸਾਨ ਵੀਰਾਂ ਦੇ ਫਟੇ ਕਪੜੇ ਦੇਖੇ ਤਾਂ ਮਸ਼ੀਨ ਚੁਕ ਬਰਨਾਲੇ ਤੋਂ ਦਿੱਲੀ ਪਹੁੰਚ ਗਿਆ ਨੌਜਵਾਨ
ਨਵੀਂ ਦਿੱਲੀ, 12 ਜਨਵਰੀ (ਦਿਲਬਾਗ ਸਿੰਘ): ਦਿੱਲੀ ਬਾਰਡਰ ’ਤੇ ਜਾਰੀ ਕਿਸਾਨੀ ਮੋਰਚੇ ਵਿਚ ਡਟੇ ਹੋਏ ਕਿਸਾਨਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਲਈ ਸੰਸਥਾਵਾਂ ਤੇ ਸਮਾਜਸੇਵੀਆਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਆਮ ਲੋਕ ਵੀ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ।
ਇਸ ਦੇ ਚਲਦਿਆਂ ਬਰਨਾਲੇ ਤੋਂ ਇਕ ਵਿਅਕਤੀ ਕਿਸਾਨ ਵੀਰਾਂ ਦੇ ਫਟੇ ਹੋਏ ਕਪੜੇ ਸਿਉਣ ਲਈ ਦਿੱਲੀ ਪਹੁੰਚਿਆ ਹੈ। ਇਸ ਵੀਰ ਵਲੋਂ ਕਿਸਾਨਾਂ ਲਈ ਮੁਫ਼ਤ ਸਿਲਾਈ ਸੇਵਾ ਦਿਤੀ ਜਾ ਰਹੀ ਹੈ। ਬਰਨਾਲਾ ਦੇ ਰਹਿਣ ਵਾਲੇ ਦਲਬੀਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਉਹ 28 ਦਸੰਬਰ ਤੋਂ ਹੀ ਬਾਰਡਰ ’ਤੇ ਸੇਵਾ ਕਰ ਰਹੇ ਹਨ। ਦਲਬੀਰ ਸਿੰਘ ਅਪਣੇ ਦੋਸਤ ਤਜਿੰਦਰ ਸਿੰਘ ਨਾਲ ਦਿੱਲੀ ਆਏ ਸੀ। ਦਲਬੀਰ ਸਿੰਘ ਨੇ ਦਸਿਆ ਕਿ ਉਹ ਪਹਿਲਾਂ ਟਿਕਰੀ ਬਾਰਡਰ ’ਤੇ ਸੀ। ਜਦੋਂ ਉਹ ਸਿੰਘੂ ਬਾਰਡਰ ਆਏ ਤਾਂ ਉਨ੍ਹਾਂ ਨੂੰ ਵਖਰਾ ਹੀ ਨਜ਼ਾਰਾ ਦੇਖਣ ਲਈ ਮਿਲਿਆ। ਇਕ ਪਾਸੇ ਨੌਜਵਾਨ ਠੰਢ ਵਿਚ ਬਜ਼ੁਰਗਾਂ ਦੇ ਕੱਪੜੇ ਧੋ ਰਹੇ ਸਨ ਤਾਂ ਦੂਜੇ ਪਾਸੇ ਨੌਜਵਾਨ ਬਜ਼ੁਰਗਾਂ ਦੇ ਮਾਲਿਸ਼ ਕਰ ਰਹੇ ਸਨ। ਇਕ ਪਾਸੇ ਮੋਚੀ ਜੁੱਤੀਆਂ ਨੂੰ ਟਾਂਕੇ ਲਗਾ ਰਿਹਾ ਸੀ।
ਇਸ ਦੌਰਾਨ ਹੀ ਦਲਬੀਰ ਸਿੰਘ ਨੇ ਦੇਖਿਆ ਕਿ ਕਈ ਬਜ਼ੁਰਗਾਂ ਦੇ ਕਪੜੇ ਫਟੇ ਹੋਏ ਸਨ ਤਾਂ ਉਨ੍ਹਾਂ ਦਾ ਧਿਆਨ ਅਪਣੇ ਕਿੱਤੇ ਵੱਲ ਗਿਆ। ਦਲਬੀਰ ਸਿੰਘ ਨੇ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਜਾਣਨਾ ਚਾਹਿਆ ਕਿ ਉਹਨਾਂ ਦੇ ਕਪੜੇ ਕਿਵੇਂ ਫਟੇ। ਹਰ ਕਿਸੇ ਕੋਲ ਵੱਖ-ਵੱਖ ਕਾਰਨ ਸੀ। ਦਲਬੀਰ ਸਿੰਘ ਨੇ ਕਿਸਾਨਾਂ ਲਈ ਵਿਸ਼ੇਸ਼ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਇਹ ਸਾਰੀ ਘਟਨਾ ਦਲਬੀਰ ਸਿੰਘ ਨੇ ਅਪਣੇ ਪਰਿਵਾਰ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਦਲਬੀਰ ਸਿੰਘ ਦੇ ਫੈਸਲੇ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਉਹ ਅਪਣੀ ਸਿਲਾਈ ਮਸ਼ੀਨ ਲੈ ਕੇ ਅਪਣੇ ਦੋਸਤ ਨਾਲ ਦਿੱਲੀ ਬਾਰਡਰ ’ਤੇ ਪਹੁੰਚੇ। ਦਲਬੀਰ ਸਿੰਘ ਨੇ ਕਿਸਾਨਾਂ ਨੂੰ ਖ਼ੁਦਕੁਸ਼ੀ ਦਾ ਰਾਹ ਨਾ ਚੁਣਨ ਦੀ ਅਪੀਲ ਵੀ ਕੀਤੀ।