
ਫ਼ਿਰੋਜ਼ਪੁਰ ਦੇ ਗਗਨ ਜੱਜ ਗੈਂਗ ਨਾਲ ਸਬੰਧਤ ਅਪਰਾਧੀਆਂ ਨੂੰ ਫੜਨ ਗਈ ਟੀਮ 'ਤੇ ਕੀਤੀ ਗਈ ਗੋਲੀਬਾਰੀ
ਚੰਡੀਗੜ੍ਹ: ਪੰਜਾਬ ਤੋਂ ਬਾਅਦ ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਦਰਅਸਲ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਇੰਸਪੈਕਟਰ ਅਮਨਜੋਤ ਦੀ ਅਗਵਾਈ ਹੇਠ ਜਾਲ ਵਿਛਾ ਕੇ ਅਪਰਾਧੀਆਂ ਨੂੰ ਫੜਨ ਗਈ ਸੀ। ਇਸ ਦੌਰਾਨ ਸਾਹਮਣੇ ਤੋਂ ਮੁਜ਼ਲਮਾਂ ਨੇ ਗੋਲੀਬਾਰੀ ਕਰ ਦਿਤੀ। ਹਾਲਾਂਕਿ ਇਸ ਦੌਰਾਨ ਪੁਲਿਸ ਮੌਕੇ ਤੋਂ 2 ਮੁਜ਼ਲਮਾਂ ਨੂੰ ਕਾਬੂ ਕਰ ’ਚ ਕਾਮਯਾਬ ਰਹੀ।
ਜ਼ਿਕਰਯੋਗ ਹੈ ਕਿ ਆਪਰੇਸ਼ਨ ਸੈੱਲ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਜੋ ਕਿ ਪਹਿਲਾਂ ਅਪਰਾਧਕ ਗੈਂਗਸਟਰ ਕਿਸਮ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸਨ ਅਤੇ ਫ਼ਿਰੋਜ਼ਪੁਰ ਦੇ ਗਗਨ ਜੱਜ ਗੈਂਗ ਨਾਲ ਸਬੰਧਤ ਹਨ, ਸੁਖਨਾ ਝੀਲ, ਚੰਡੀਗੜ੍ਹ ਦੇ ਪਿਛਲੇ ਪਾਸੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘੁੰਮ ਰਹੇ ਹਨ।
ਇਸ ਜਾਣਕਾਰੀ ਤੋਂ ਬਾਅਦ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ’ਚ ਤਾਇਨਾਤ ਓ.ਪੀ.ਐੱਸ ਸੈੱਲ ਦੀ ਟੀਮ ਵਲੋਂ ਸੁਖਨਾ ਝੀਲ ਦੇ ਪਿਛਲੇ ਪਾਸੇ ਨਾਕਾਬੰਦੀ ਕੀਤੀ ਗਈ ਤਾਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ’ਤੇ ਇਕ ਮੁਲਜ਼ਮ ਨੇ ਅਪਣਾ ਪਿਸਤੌਲ ਕੱਢ ਕੇ ਪੁਲਿਸ ਪਾਰਟੀ ’ਤੇ ਇਕ ਰਾਊਂਡ ਫ਼ਾਇਰ ਕਰ ਦਿਤਾ ਅਤੇ ਜਦੋਂ ਉਸ ਨੇ ਦੂਜੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਪਿਸਤੌਲ ਫਸ ਗਈ। ਗਨੀਮਤ ਰਹੀ ਕਿ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਦੋਵੇਂ ਮੁਲਜ਼ਮਾਂ ਨੂੰ ਓ.ਪੀ.ਐਸ ਸੈੱਲ ਦੇ ਸਟਾਫ਼ ਨੇ ਤੁਰਤ ਕਾਬੂ ਕਰ ਲਿਆ।
ਪੁਲਿਸ ਦਾ ਕਹਿਣਾ ਕਿ ਇਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਸੈਕਟਰ 1 ਸਥਿਤ ਗੋਲਫ਼ ਕਲੱਬ ਦੇ ਮੋੜ ਨੇੜੇ ਹੋਈ ਹੈ, ਜਿਸਦੇ ਨੇੜੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੀ ਸਰਕਾਰੀ ਰਿਹਾਇਸ਼ ਵੀ ਮੌਜੂਦ ਹੈ।
ਮੁੱਢਲੀ ਪੁੱਛਗਿੱਛ ’ਤੇ ਇਨ੍ਹਾਂ ਨੇ ਅਪਣਾ ਨਾਂਅ ਦਿਲਦੀਪ ਸਿੰਘ ਉਰਫ਼ ਲੱਸੀ ਪੁੱਤਰ ਪਰਮਜੀਤ ਸਿੰਘ ਵਾਸੀ ਬੰਸੀ ਗੇਟ ਸਿਟੀ ਫ਼ਿਰੋਜ਼ਪੁਰ ਅਤੇ ਸ਼ਿਵ ਪੁੱਤਰ ਸੁਨੀਲ ਕੁਆਰ, ਵਾਸੀ ਨੇੜੇ ਡੇਰਾ ਰਾਧਾ ਸੁਆਮੀ, ਅੰਮ੍ਰਿਤਸਰ ਗੇਟ, ਸਿਟੀ ਫ਼ਿਰੋਜ਼ਪੁਰ ਦਸਿਆ ਅਤੇ ਹੋਰ ਪੁਛਗਿੱਛ ਜਾਰੀ ਹੈ। ਪੁੱਛ-ਪੜਤਾਲ ਤੋਂ ਪਤਾ ਲੱਗਾ ਹੈ ਕਿ ਦਿਲਦੀਪ 2 ਕਤਲ ਕੇਸਾਂ ’ਚ ਅਤੇ ਸ਼ਿਵਾ ਕਤਲ ਦੀ ਕੋਸ਼ਿਸ਼ ਦੇ ਇਕ ਕੇਸ ਵਿਚ ਸ਼ਾਮਲ ਸੀ। ਮੁਲਜ਼ਮ ਦਿਲਦੀਪ ਸਿੰਘ ਕੋਲੋਂ 1 ਪਿਸਤੌਲ (32 ਬੋਰ) ਅਤੇ 04 ਜਿੰਦਾ ਕਾਰਤੂਸ ਅਤੇ ਮੁਲਜ਼ਮ ਸ਼ਿਵ ਕੋਲੋਂ 2 ਕਾਰਤੂਸ (3.15 ਬੋਰ) ਸਮੇਤ 1 ਦੇਸੀ ਪਿਸਤੌਲ ਬਰਾਮਦ ਕੀਤੇ ਗਈ ਹੈ।