ਹੁਣ ਪੰਜਾਬ ਦੀ ਸਰਕਾਰੀ 108 ਐਂਬੂਲੈਂਸ ਦੇ ਡਰਾਈਵਰ ਅਤੇ ਤਕਨੀਸ਼ੀਅਨ ਹੜਤਾਲ 'ਤੇ ਗਏ
ਐਂਬੂਲੈਂਸ ਸੇਵਾਵਾਂ ਪ੍ਰਭਾਵਤ ਹੋਣ ਨਾਲ ਮਰੀਜ਼ਾਂ ਲਈ ਮੁਸ਼ਕਲਾਂ ਸ਼ੁਰੂ
ਚੰਡੀਗੜ੍ਹ, 12 ਜਨਵਰੀ (ਗੁਰਉਪਦੇਸ਼ ਭੁੱਲਰ): ਪੀ.ਸੀ.ਐਸ. ਅਫ਼ਸਰਾਂ ਦੀ ਹੜਤਾਲ ਬੀਤੇ ਦਿਨ ਖ਼ਤਮ ਹੋਈ ਹੈ ਪਰ ਹੁਣ ਪੰਜਾਬ ਭਰ ਵਿਚ 108 ਐਂਬੂਲੈਂਸ ਦੇ ਡਰਾਈਵਰਾਂ ਤੇ ਤਕਨੀਸ਼ੀਅਨਾਂ ਨੇ ਅੱਜ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿਤੀ ਹੈ | ਕੁੱਝ ਕੁ ਐਂਬੂਲੈਂਸਾਂ ਨੂੰ ਛੱਡ ਕੇ ਇਸ ਨਾਲ ਪੰਜਾਬ ਵਿਚ ਇਹ ਸਰਕਾਰੀ ਐਂਬੂਲੈਂਸ ਸੇਵਾ ਠੱਪ ਹੋ ਗਈ ਹੈ ਅਤੇ ਲੁਧਿਆਣਾ ਵਿਖੇ ਐਂਬੂਲੈਂਸਾਂ ਦਾ ਚੱਕਾ ਜਾਮ ਕਰਕੇ ਸੂਬਾ ਪਧਰੀ ਰੋਸ ਪ੍ਰਦਰਸ਼ਨ ਕਰ ਕੇ ਹੜਤਾਲੀ ਸਟਾਫ਼ ਨੇ ਅੰਦੋਲਨ ਮੰਗਾਂ ਮੰਨੇ ਜਾਣ ਤਕ ਜਾਰੀ ਰੱਖਣ ਦਾ ਐਲਾਨ ਕਰ ਦਿਤਾ ਹੈ | ਹਿਸ ਕਾਰਨ ਮਰੀਜ਼ਾਂ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ |
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਐਂਬੂਲੈਂਸ ਸਟਾਫ਼ ਦੀ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਲਈ 72 ਘੰਟੇ ਦਾ ਅਲਟੀਮੇਟਮ ਦਿਤਾ ਸੀ, ਜੋ ਅੱਜ ਪੂਰਾ ਹੋਣ ਬਾਅਦ ਹੜਤਾਲ ਸ਼ੁਰੂ ਕੀਤੀ ਗਈ | ਐਂਬੂਲੈਂਸ ਸਟਾਫ਼ ਦੀ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁੱਖ ਮੰਗ ਪ੍ਰਾਈਵੇਟ ਕੰਪਨੀ ਨੂੰ ਪਾਸੇ ਕਰ ਕੇ ਸੇਵਾਵਾਂ ਰੈਗੂਲਰ ਕਰਨ ਦੀ ਹੈ | ਇਸ ਸਮੇਂ 108 ਐਂਬੂਲੈਂਸ ਡਰਾਈਵਰ 9500 ਰੁਪਏ ਤਕ ਤਨਖ਼ਾਹ ਲੈ ਰਹੇ ਹਨ ਜੋ ਕਿ ਡਿਊਟੀ ਮੁਤਾਬਕ ਬਹੁਤ ਘੱਟ ਹੈ ਕਿਉਂਕਿ ਐਂਬੂਲੈਂਸ ਦੀ ਡਿਊਟੀ ਤਾਂ 24 ਘੰਟੇ ਦੀ ਹੈ | ਹਰਿਆਣਾ ਦੀ ਤਰਜ਼ ਉਪਰ ਘੱਟੋ ਘੱਟ ਤਨਖ਼ਾਹ 30 ਹਜ਼ਾਰ ਕਰਨ ਤੋਂ ਇਲਾਵਾ ਬੀਮੇ ਅਤੇ ਡਿਊਟੀ ਸਮੇਂ ਮੌਤ ਦੀ ਹਾਲਤ ਵਿਚ ਪ੍ਰਵਾਰ ਦੇ ਮੈਂਬਰ ਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ |