
ਪੰਜਾਬ ਦੀ 15ਵੀਂ ਵਿਧਾਨ ਸਭਾ ਦਾ 7ਵਾਂ ਸਮਾਗਮ ਅਤੇ ਮੌਜੂਦਾ ਸਰਕਾਰ ਦਾ ਤੀਸਰਾ ਬਜਟ ਸੈਸ਼ਨ ਅੱਜ ਸਵੇਰੇ 11 ਵਜੇ ਰਾਜਪਾਲ ਵੀ.ਪੀ. ਸਿੰਘ....
ਚੰਡੀਗੜ੍ਹ : ਪੰਜਾਬ ਦੀ 15ਵੀਂ ਵਿਧਾਨ ਸਭਾ ਦਾ 7ਵਾਂ ਸਮਾਗਮ ਅਤੇ ਮੌਜੂਦਾ ਸਰਕਾਰ ਦਾ ਤੀਸਰਾ ਬਜਟ ਸੈਸ਼ਨ ਅੱਜ ਸਵੇਰੇ 11 ਵਜੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਅੰਗਰੇਜ਼ੀ ਵਿਚ ਦਿਤੇ ਭਾਸ਼ਨ ਦੌਰਾਨ ਹੰਗਾਮੇ ਨਾਲ ਸ਼ੁਰੂ ਹੋ ਗਿਆ। ਜਿਉਂ ਹੀ ਰਾਸ਼ਟਰੀ ਗਾਨ 'ਜਨ ਗਨ ਮਨ' ਦੀ ਧੁੰਨ 48 ਸੈਕੰਡ ਵਜ ਕੇ ਖ਼ਤਮ ਹੋਈ, ਰਾਜਪਾਲ ਨੇ ਅੰਗਰੇਜ਼ੀ ਵਿਚ ਭਾਸ਼ਨ ਸ਼ੁਰੂ ਕੀਤਾ ਤਾਂ ਅਕਾਲੀ ਬੀਜੇਪੀ ਦੇ ਵਿਧਾਇਕਾਂ ਅਤੇ ਬੈਂਸ ਭਰਾਵਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਤੇ ਕਿਹਾ ਕਿ ਰਾਜਪਾਲ ਪਾਸੋਂ ਕਾਂਗਰਸ ਸਰਕਾਰ ਸਰਾਸਰ ਝੂਠ ਬੁਲਾ ਰਹੀ ਹੈ।
ਅਪਣੇ ਇਕ ਘੰਟੇ ਦੇ 107 ਪੈਰਿਆਂ ਵਾਲੇ 35 ਸਫ਼ਿਆਂ ਦੇ ਭਾਸ਼ਨ ਵਿਚ ਗਵਰਨਰ ਨੇ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਹੋਰ ਵਰਗਾਂ ਦੇ ਮਸਲਿਆਂ ਸਬੰਧੀ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਰਹਿੰੇਦੇ ਤਿੰਨ ਸਾਲਾਂ ਵਿਚ ਖੇਤੀ ਸੈਕਟਰ, ਉਦਯੋਗ, ਬਿਜਲੀ ਪਾਣੀ, ਢਾਂਚਾ ਉਸਾਰੀ, ਸੜਕਾਂ ਸਿਖਿਆ, ਮੈਡੀਕਲ ਸੈਕਟਰ ਵਿਚ ਉਲੀਕੀਆਂ ਸਕੀਮਾਂ ਦੇ ਆਉਣ ਵਾਲੇ ਨਤੀਜਿਆਂ ਬਾਰੇ ਦਸਿਆ। ਭਾਸ਼ਨ ਵਿਚ ਇਹ ਵੀ ਦਸਿਆ ਕਿ ਖ਼ਾਲੀ ਖ਼ਜ਼ਾਨਾ ਮਿਲਣ ਦੇ ਬਾਵਜੂਦ, ਉਦਯੋਗ ਵਿਕਾਸ ਨੀਤੀ, ਸੈਰ-ਸਪਾਟਾ, ਮਕਾਨ ਉਸਾਰੀ, ਸ਼ਹਿਰੀ ਵਿਕਾਸ ਨੀਤੀ,
ਕਿਸਾਨੀ ਕਰਜ਼ਾ ਮਾਫ਼ ਕਰਨ ਤੇ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਸਕੀਮ ਨੇ ਕਿਵੇਂ 21081 ਛੋਟੀਆਂ ਇਕਾਈਆਂ ਸਥਾਪਤ ਕੀਤੀਆਂ, ਨਿਵੇਸ਼ਕਾਂ ਨਾਲ 298 ਇਕਰਾਰਨਾਮੇ ਕੀਤੇ, 51339 ਕਰੋੜ ਦਾ ਨਿਵੇਸ਼ ਹੋਵੇਗਾ, 5,83,000 ਕਿਸਾਨਾਂ ਦਾ 4736 ਕਰੋੜ ਦਾ ਕਰਜ਼ਾ ਮਾਫ਼ ਕੀਤਾ ਤੇ ਸਵਾ 10 ਲੱਖ ਕਿਸਾਨਾਂ ਦਾ ਹੋਰ ਮਾਫ਼ ਹੋਵੇਗਾ ਅਤੇ 261 ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਅੱਜ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਨ ਸਮੇਂ ਵਾਕ ਆਊਟ ਕੀਤਾ।
ਜਿਉਂ ਹੀ ਰਾਜਪਾਲ ਨੇ 11 ਵਜੇ ਹਾਊਸ ਵਿਚ ਅਪਣਾ ਭਾਸ਼ਨ ਪੜ੍ਹਣਾ ਆਰੰਭਿਆ ਤਾਂ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਅਕਾਲੀ ਵਿਧਾਇਕ ਖੜੇ ਹੋ ਕੇ ਅਪਣਾ ਭਾਸ਼ਨ ਪੜ੍ਹਨ ਲੱਗੇ ਅਤੇ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦੇ ਰਹੇ। ਲਗਭਗ 15 ਮਿੰਟ ਨਾਹਰੇਬਾਜ਼ੀ ਤੋਂ ਬਾਅਦ ਅਕਾਲੀ ਵਿਧਾਇਕ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਨਾਹਰੇਬਾਜ਼ੀ ਕਰਨ ਲੱਗੇ। ਰੌਲੇ ਰੱਪੇ ਵਿਚ ਕੁੱਝ ਵੀ ਸੁਣਾਈ ਨਹੀਂ ਸੀ ਦੇ ਰਿਹਾ ਕਿ ਉਹ ਕੀ ਕਹਿ ਰਹੇ ਹਨ। ਕੁੱਝ ਦੇਰ ਬਾਅਦ ਅਕਾਲੀ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾ ਵਾਕ ਆਊਟ ਕਰ ਗਏ।
'ਆਪ' ਪਾਰਟੀ ਦੇ ਸਾਰੇ ਵਿਧਾਇਕ ਚੁੱਪ-ਚਾਪ ਰਾਜਪਾਲ ਦਾ ਭਾਸ਼ਨ ਸੁਣਦੇ ਰਹੇ ਅਤੇ ਭਾਸ਼ਨ ਸਮੇਂ ਕੋਈ ਟੀਕਾ ਟਿਪਣੀ ਨਹੀਂ ਕੀਤੀ। ਹਾਊਸ ਤੋਂ ਬਾਹਰ ਵਿਧਾਇਕਾਂ ਦੇ ਬੈਠਣ ਲਈ ਬਣੇ ਸਥਾਨ ਉਪਰ ਵੀ ਅਕਾਲੀ ਵਿਧਾਇਕ ਧਰਨੇ ਉਪਰ ਬੈਠੇ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਰਾਜਪਾਲ ਦਾ ਸਨਮਾਨ ਕਰਦੇ ਹਨ ਪ੍ਰੰਤੂ ਸਰਕਾਰ ਰਾਜਪਾਲ ਤੋਂ ਝੂਠ ਬੁਲਾ ਰਹੀ ਹੈ। ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਕੁੱਝ ਨਹੀਂ ਕੀਤਾ। ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਵਾਅਦੇ ਅਨੁਸਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ਼ ਨਹੀਂ ਕੀਤਾ ਜਾ ਰਿਹਾ ਹੈ। ਸਿਹਤ ਖੇਤਰ ਵਿਚ 239 ਵੈਲਨੈੱਸ ਕੇਂਦਰ ਸਥਾਪਤ ਕੀਤੇ,
800 ਹੋਰ ਕਰਨੇ ਹਨ, 15 ਨਵੇਂ ਡਿਗਰੀ ਕਾਲਜ ਖੋਲ੍ਹਣ ਦੇ ਯਤਨ ਜਾਰੀ ਹਨ, 31000 ਕਿਲੋਮੀਟਰ ਲਿੰਕ ਸੜਕਾਂ 3000 ਕਰੋੜ ਨਾਲ ਮੁਰੰਮਤ ਕਰਨੀਆਂ ਹਨ, 4,58,000 ਨਵੇਂ ਬਿਜਲੀ ਕੁਨੈਕਸ਼ਨ ਦੇ ਦਿਤੇ, 722 ਕਰੋੜ ਨਾਲ 5 ਲੱਖ ਪਖ਼ਾਨੇ ਬਣਾ ਦਿਤੇ ਹਨ ਅਤੇ ਆਉਂਦੇ ਸਾਲਾਂ ਵਿਚ ਹੋਰ ਸਕੀਮਾਂ ਦਾ ਵੇਰਵਾ ਵੀ ਰਾਜਪਾਲ ਨੇ ਅੰਗਰੇਜ਼ੀ ਵਿਚ ਸਦਨ ਦੇ ਮੈਂਬਰਾਂ ਸਾਹਮਣੇ ਪੜ੍ਹ ਕੇ ਸੁਣਾਇਆ। ਦਿਲਚਸਪ ਗੱਲ ਇਹ ਸੀ ਕਿ ਜੰਗਲਾਤ ਮਹਿਕਮੇ ਸਬੰਧੀ 98 ਤੇ 99 ਨੰਬਰ ਪੈਰੇ ਪੜ੍ਹਦਿਆਂ ਰਾਜਪਾਲ ਨੇ ਭਾਸ਼ਨ ਵਿਚ ਕਿਹਾ ਕਿ ਮਿਸ਼ਨ ਤੰਦਰੁਸਤ ਤਹਿਤ 63 ਲੱਖ ਪੌਦੇ ਲਾਏ ਜਾ ਚੁਕੇ ਹਨ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਿੰਡਾਂ ਵਿਚ 75 ਲੱਖ ਪੌਦੇ ਹੋਰ ਲਗਾਏ ਜਾ ਰਹੇ ਹਨ।
ਗੁਰਦਵਾਰਾ ਕਰਤਾਰਪੁਰ ਲਾਂਘੇ ਬਾਰੇ ਪੰਜਾਬ ਸਰਕਾਰ ਨੇ ਰਾਜਪਾਲ ਦੇ ਮੁੱਖ ਤੋਂ ਸੂਬੇ ਦੀ ਸਰਕਾਰ ਦੀਆਂ ਕੋਸ਼ਿਸਾਂ ਦਾ ਗਾਨ ਕੀਤਾ, ਕੇਂਦਰ ਸਰਕਾਰ ਦਾ ਨਹੀਂ। ਇਸ ਸਰਹੱਦੀ ਸੂਬੇ ਵਿਚ ਕਾਨੂੰਨ ਵਿਵਸਥਾ ਠੀਕ ਕਰਨ ਸਬੰਧੀ ਭਾਸ਼ਨ ਵਿਚ ਇਹ ਕਿਹਾ ਗਿਆ ਕਿ 1414 ਗੈਂਗਸਟਰ ਕਾਬੂ ਕੀਤੇ ਗਏ, 101 ਅਤਿਵਾਦੀ ਤੇ 22 ਵਿਦੇਸ਼ੀ ਸਮਗਲਰ ਗ੍ਰਿਫ਼ਤਾਰ ਕੀਤੇ, ਨਸ਼ੇ ਖ਼ਤਮ ਕਰਨ ਲਈ 168 ਕਲੀਨਿਕ ਸਥਾਪਤ ਕੀਤੇ ਹਨ, 5,50,000 ਬੱਡੀ ਗਰੁਪ ਬਣਾਏ ਹਨ ਜੋ ਘਰ ਘਰ ਜਾ ਕੇ ਨਸ਼ਾ ਵਿਰੋਧੀ ਸੁਨੇਹਾ ਦੇ ਰਹੇ ਹਨ ਅਤੇ 21049 ਕੇਸਾਂ ਵਿਚ 25092 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਪਣੇ ਭਾਸ਼ਨ ਦੇ 20ਵੇਂ ਤੇ 21ਵੇਂ ਪੈਰੇ ਵਿਚ ਧਾਰਮਕ ਬੇਅਦਬੀ ਦੇ ਮਾਮਲਿਆਂ ਬਾਰੇ ਰਾਜਪਾਲ ਨੇ ਫਿਰ ਦੁਹਰਾਇਆ ਕਿ ਬੇਅਦਬੀ ਕੇਸਾਂ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਕ ਘੰਟੇ ਦੇ ਅੰਗਰੇਜ਼ੀ ਵਿਚ ਦਿਤੇ ਭਾਸ਼ਨ ਦੌਰਾਨ ਰਾਜਸਥਾਨੀ ਪਗੜੀ ਵਾਲੇ ਵੀ.ਪੀ. ਸਿੰਘ ਬਦਨੌਰ ਨੇ 4 ਵਾਰ ਪਾਣੀ ਪੀਤਾ, 8-10 ਵਾਰ ਖਾਂਸੀ ਕੀਤੀ, ਕੋਈ ਲਫ਼ਜ਼ਾਂ 'ਪੜ੍ਹੋ ਤੇ ਪੜ੍ਹਾਉ', ਬੀਬੀ ਬੇਬੇ, ਮਲੇਰਕੋਟਲਾ ਤੇ ਮਾਲੇਰਕੋਟਲਾ, ਰਿਜਨ ਤੇ ਰਿਲੀਜਨ, ਮਾਛੀਵਾੜਾ ਤੇ ਮੱਛੀਵਾਲਾ ਵਿਚ ਉਲਝ ਗਏ। ਬੁਧਵਾਰ ਸਵੇਰੇ ਇਸ ਭਾਸ਼ਨ 'ਤੇ ਹਾਊਸ ਵਲੋਂ ਧਨਵਾਦ ਦੇ ਮਤੇ 'ਤੇ ਬਹਿਸ ਸ਼ੁਰੂ ਹੋਵੇਗੀ।