
ਬੀਤੇ ਸਨਿਚਰਵਾਰ ਪਿੰਡ ਈਸੇਵਾਲ ਵਿਖੇ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮਾਂ ਵਿਚੋਂ ਮੁੱਖ ਮੁਲਜ਼ਮ ਸਾਦਿਕ ਅਲੀ ਵਾਸੀ ਪਿੰਡ ਹਾਕਮਪੁਰਾ (ਬੰਗਾਂ) ਨੂੰ ਗ੍ਰਿਫ਼ਤਾਰ.....
ਮੁੱਲਾਂਪੁਰ ਦਾਖਾ : ਬੀਤੇ ਸਨਿਚਰਵਾਰ ਪਿੰਡ ਈਸੇਵਾਲ ਵਿਖੇ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮਾਂ ਵਿਚੋਂ ਮੁੱਖ ਮੁਲਜ਼ਮ ਸਾਦਿਕ ਅਲੀ ਵਾਸੀ ਪਿੰਡ ਹਾਕਮਪੁਰਾ (ਬੰਗਾਂ) ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਵਲੋਂ ਬਾਕੀ ਦੇ ਪੰਜ ਮੁਲਜ਼ਮਾਂ ਨੂੰ ਵੀ ਟਰੇਸ ਕਰ ਲਿਆ ਗਿਆ ਹੈ। ਜਿੰਨਾ ਵਿਚ ਚਾਰ ਗੁੱਜਰ ਬਰਾਦਰੀ ਦੇ ਹਨ ਜੋ ਕਿ ਮੁੱਖ ਮੁਲਜ਼ਮ ਸਾਦਿਕ ਅਲੀ ਦੇ ਰਿਸ਼ਤੇਦਾਰ ਹਨ। ਉਕਤ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਡੀ.ਆਈ.ਜੀ ਰਣਵੀਰ ਸਿੰਘ ਖਟੜਾ ਨੇ ਦਸਿਆ ਕਿ ਮੁਲਜ਼ਮਾਂ ਵਿਚ ਸਈਅਦ ਅਲੀ, ਸੁਰਮੁੱਖ ਅਤੇ ਅਜੇ ਵਾਸੀ ਟਿੱਬਾ ਲੁਧਿਆਣਾ ਅਤੇ ਜਗਰੂਪ ਸਿੰਘ ਵਾਸੀ ਜਸਪਾਲ ਬਾਗੜ ਸ਼ਾਮਲ ਹਨ ਅਤੇ ਇਕ ਮੁਲਜ਼ਮ ਸਥਾਨਕ ਹੈ
ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਬਲਾਤਕਾਰ ਦੀ ਘਟਨਾ ਨੂੰ ਕੁੱਲ ਛੇ ਮੁਲਜ਼ਮਾਂ ਵਲੋਂ ਅੰਜਾਮ ਦਿਤਾ ਗਿਆ ਸੀ ਜਿਸ ਦਾ ਖੁਲਾਸਾ ਸਾਦਿਕ ਅਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਇਆ ਹੈ। ਉਨ੍ਹਾਂ ਦਸਿਆ ਕਿ ਮੁੱਖ ਮੁਲਜ਼ਮ ਸਾਦਿਕ ਅਲੀ ਨੂੰ ਪੀ.ਓ ਸਟਾਫ਼ ਜਗਰਾਓ ਦੇ ਇੰਚਾਰਜ ਜਸਪਾਲ ਸਿੰਘ ਦੀ ਟੀਮ ਵਲੋਂ ਟੈਕਨੀਕਲ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਆਈ.ਜੀ ਖਟੜਾ ਨੇ ਦਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਬੀਤੀ ਰਾਤ ਤੋਂ ਘਟਨਾ ਸਥਾਨ ਤੋਂ ਸਬੂਤ ਇੱਕਠੇ ਕਰਨ ਅਤੇ ਟੈਕਨੀਕਲ ਤਰੀਕੇ ਨਾਲ ਮੁਲਜ਼ਮਾਂ ਨੂੰ ਟਰੇਸ ਕੀਤਾ ਗਿਆ, ਜਿਨ੍ਹਾਂ ਮੁਲਜ਼ਮਾਂ ਦੇ ਸਕੈਚ ਜਾਰੀ ਕੀਤੇ ਗਏ ਹਨ ਸਾਰੇ ਉਹ ਹੀ ਮੁਲਜ਼ਮ ਹਨ।
ਉਨ੍ਹਾਂ ਦਸਿਆ ਕਿ ਘਟਨਾ ਦੀਆਂ ਖ਼ਬਰਾਂ ਲਗਾਤਾਰ ਮੀਡੀਆ ਵਿਚ ਆਉਣ ਤੋਂ ਬਾਅਦ ਮੁਲਜ਼ਮ ਘਰਾਂ ਵਿਚੋਂ ਫ਼ਰਾਰ ਹੋ ਚੁੱਕੇ ਸਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸਾਦਿਕ ਅਲੀ ਪਹਿਲਾ ਟਿੱਬਾ, ਲੁਧਿਆਣਾ ਵਿਖੇ ਰਹਿੰਦਾ ਸੀ ਅਤੇ ਉਸ ਨੇ ਆਰਜ਼ੀ ਰਿਹਾਇਸ਼ ਹੁਣ ਹਾਕਮਪੁਰਾ ਬੰਗਾ ਵਿਖੇ (ਡੇਰਾ ਬਣਾ) ਕੇ ਰੱਖੀ ਹੋਈ ਹੈ ਅਤੇ ਘਟਨਾ ਵਾਲੀ ਰਾਤ ਵੀ ਸਾਰੇ ਮੁਲਜ਼ਮਾਂ ਇੱਕਠੇ ਸਨ।