
ਬ੍ਰਿਟੇਨ ਦੇ ਹਾਊਸ ਆਫ਼ ਕਾਮਨਜ਼ ਦੇ ਆਗੂ ਨੇ ਕਿਹਾ ‘ਖੇਤੀ ਸੁਧਾਰ ਭਾਰਤ ਦਾ ਘਰੇਲੂ ਮੁੱਦਾ ਹੈ’
ਲੰਡਨ, 12 ਫ਼ਰਵਰੀ : ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ਦੇ ਆਗੂ ਨੇ ਭਾਰਤ ’ਚ ਖੇਤੀ ਕਾਨੂੰਨਾ ਦੇ ਵਿਰੁਧ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ’ਤੇ ਅਪਣੀ ਸਰਕਾਰ ਦਾ ਰੁਖ ਰਖਦੇ ਹੋਏ ਕਿਹਾ ਕਿ ਖੇਤੀ ਸੁਧਾਰ ਉਸ ਦਾ (ਭਾਰਤ ਦਾ) ਘਰੇਲੂ ਮੁੱਦਾ ਹੈ। ਇਸ ਮੁੱਦੇ ’ਤੇ ਚਰਚਾ ਕਰਾਉਣ ਦੀ ਵੀਰਵਾਰ ਨੂੰ ਵਿਰੋਧੀ ਲੇਬਰ ਸਾਂਸਦਾਂ ਦੀ ਮੰਗ ’ਤੇ ਜੈਕਬ ਰੇਸ-ਮਾਗ ਨੇ ਸਵੀਕਾਰ ਕੀਤਾ ਕਿ ਇਹ ਮੁੱਦਾ ਸਦਨ ਲਈ ਅਤੇ ਬ੍ਰਿਟੇਨ ’ਚ ਸਾਰੇ ਹਲਕਿਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਪੂਰੇ ਵਿਸ਼ਵ ’ਚ ਮਨੁੱਖੀ ਅਧਿਕਾਰਾਂ ਦੀ ਹਮਾਇਤ ਕਰਨਾ ਜਾਰੀ ਰਖੇਗਾ ਅਤੇ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਪਣੀ ਮੌਜੂਦਾ ਪ੍ਰਧਾਨ ਦੇ ਸਾਹਮਣੇ ਵੀ ਇਹ ਕਹੇਗਾ।
ਕੰਜਰਵੇਟਿਵ ਪਾਰਟੀ ਦੇ ਸੀਨੀਅਰ ਸਾਂਸਦ ਰੇਸ ਮਾਗ ਨੇ ਕਿਹਾ, ‘‘ਭਾਰਤ ਇਕ ਬਹੁਤ ਹੀ ਗੌਰਵਸ਼ਾਲੀ ਦੇਸ਼ ਹੈ ਅਤੇ ਅਜਿਹਾ ਦੇਸ਼ ਹੈ ਜਿਸ ਦੇ ਨਾਲ ਸਾਡੇ ਸੱਭ ਦੇ ਮਜਬੂਤ ਸਬੰਧ ਹਨ। ਮੈਨੂੰ ਉਮੀਦ ਹੈ ਕਿ ਅਗਲੀ ਸਦੀ ’ਚ ਭਾਰਤ ਨਾਲ ਸਾਡੇ ਸਬੰਧ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੇ ਨਾਲ ਸਬੰਧਾਂ ਦੇ ਮੁਕਾਬਲੇ ਸੱਭ ਤੋਂ ਵੱਧ ਮਹੱਤਵਪੂਰਣ ਹੋਣਗੇ।’’ ਉਨ੍ਹਾਂ ਕਿਹਾ, ‘‘ਕਿਉਂਕਿ ਭਾਰਤ ਸਾਡਾ ਮਿੱਤਰ ਦੇਸ਼ ਹੈ, ਅਜਿਹੇ ’ਚ ਸਿਰਫ਼ ਇਹ ਹੀ ਸਹੀ ਹੋਵੇਗਾ ਕਿ ਅਸੀਂ ਉਦੋਂ ਹੀ ਅਪਣਾ ਇਤਰਾਜ਼ ਪ੍ਰਗਟ ਕਰੀਏ, ਜਦ ਇਹ ਲੱਗੇ ਕਿ ਜੋ ਕੁੱਝ ਵੀ ਚੀਜ਼ਾਂ ਹੋ ਰਹੀਆਂ ਹਨ ਉਹ ਸਾਡੇ ਮਿੱਤਰ ਦੇਸ਼ ਦੇ ਵੱਕਾਰ ਦੇ ਹਿਤ ਵਿਚ ਨਹੀਂ ਹਨ।’’
ਰੇਸ ਮਾਗ ਨੇ ਇਹ ਜ਼ਿਕਰ ਕੀਤਾ, ‘‘ਬ੍ਰਿਟਿਸ਼ ਸਰਕਾਰ ਕਿਸਾਨਾਂ ਦੇ ਪ੍ਰਦਰਸ਼ਨ ’ਤੇ ਕਰੀਬੀ ਨਜ਼ਰ ਰਖਣਾ ਜਾਰੀ ਰਖੇਗੀ। ਖੇਤੀ ਸੁਧਾਰ ਭਾਰਤ ਦੀ ਘਰੇਲੂ ਨੀਤੀ ਨਾਲ ਜੁੜਿਆ ਮੁੱਦਾ ਹੈ। ਅਸੀਂ ਵਿਸ਼ਵ ’ਚ ਮਨੁੱਖੀ ਅਧਿਕਾਰਾਂ ਦੀ ਹਮਾਇਤ ਕਰਨਾ ਜਾਰੀ ਰਖਾਂਗੇ। ਬ੍ਰਿਟਿਸ਼ ਸੰਸਦ ਦੇ ਅਗਾਮੀ ਸੈਸ਼ਨ ਦੇ ਏਜੰਡੇ ਨਾਲ ਜੁੜੇ ਵਿਸ਼ਿਆਂ ’ਤੇ ਸਦਨ ਦੀ ਕੰਮਕਾਜ ਕਮੇਟੀ ਦੀ ਨਿਯਮਤ ਬੈਠਕ ਦੌਰਾਨ ਅਪਣੀ ਪ੍ਰਤੀਕਿਰਿਆ ’ਚ ਉਨ੍ਹਾਂ ਨੇ ਇਹ ਕਿਹਾ। ਸਦਨ ’ਚ ਲੇਬਰ ਪਾਰਟੀ ਦੀ ਸ਼ੈਡੋ ਆਗੂ ਵੇਲੇਰੀ ਵਾਜ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੁੱਦੇ ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ਚੁਕਦੇ ਹੋਏ ਇਸ ’ਤੇ ਚਰਚਾ ਕਰਨ ਦੀ ਮੰਗ ਕੀਤੀ ਸੀ। (ਪੀਟੀਆਈ)
ਦਰਅਸਲ, ਅਧਿਕਾਰਿਤ ਸੰਸਦੀ ਵੈਬਸਾਈਟ ’ਤੇ ਇਸ ਮਹੀਨੇ ਦੀ ਸ਼ੁਰੂਆਤ ’ਚ ਇਸ ਵਿਸ਼ੇ ’ਤੇ ਇਕ ਲੱਖ ਤੋਂ ਵੱਧ ਹਸਤਾਖ਼ਤਰ ਮਿਲੇ ਹਨ। ਹਾਲਾਂਕਿ, ਹੇਠਲੇ ਸਦਨ ’ਚ ਆਮ ਤੌਰ ’ਤੇ ਹੋਣ ਵਾਲੀਆਂ ਅਜਿਹੀਆਂ ਚਰਚਾ ਮਹਾਂਮਾਰੀ ਨੂੰ ਲੈ ਕੇ ਲਾਗੂ ਪਾਬੰਦੀਆਂ ਕਾਰਨ ਹਾਲੇ ਨਹੀਂ ਹੋ ਰਹੀਆਂ ਹਨ। ਉਨ੍ਹਾਂ ਨੇ ਇਸ ਦੇ ਵਿਕਲਪ ਵਜੋਂ ਵੀਡੀਉ ਕਾਨਫਰੰਸ ਦਾ ਸੁਝਾਅ ਦਿਤਾ ਸੀ। (ਪੀਟੀਆਈ)