
ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਜਾਣੇ ਜਾਂਦੇ ਜਸਟਿਸ ਅਜੀਤ ਸਿੰਘ ਬੈਂਸ ਦਾ ਦੇਹਾਂਤ
ਚੰਡੀਗੜ੍ਹ, 12 ਫ਼ਰਵਰੀ (ਭੁੱਲਰ): ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਦਾ ਦੇਹਾਂਤ ਹੋ ਗਿਆ ਹੈ | ਦਸਿਆ ਜਾਂਦਾ ਹੈ ਕਿ ਪਿਛਲੇ ਕੱੁਝ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ | ਜਸਟਿਸ ਅਜੀਤ ਸਿੰਘ ਬੈਂਸ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਵੀ ਜਾਣੇ ਜਾਂਦੇ ਹਨ |
99 ਸਾਲਾ ਜਸਟਿਸ ਅਜੀਤ ਸਿੰਘ ਬੈਂਸ ਅਪਣੀ ਸਫ਼ਲ ਜੀਵਨ ਯਾਤਰਾ ਪੂਰੀ ਕਰ ਕੇ ਕਲ ਅਕਾਲ ਚਲਾਣਾ ਕਰ ਗਏ | ਤਾ-ਉਮਰ ਨਾਗਰਿਕਾਂ ਦੀ ਆਜ਼ਾਦੀ ਅਤੇ ਘੱਟ ਗਿਣਤੀਆਂ ਦੇ ਮੌਲਿਕ ਹੱਕਾਂ ਲਈ ਲੜਦੇ ਇਸ ਯੋਧੇ ਦੇ ਤੁਰ ਜਾਣ 'ਤੇ ਕਿਰਤੀ ਕਿਸਾਨ ਫ਼ੋਰਮ ਨੇ ਡੂੰਘਾ ਦੁਖ ਪ੍ਰਗਟ ਕੀਤਾ ਹੈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਸਵਰਨ ਸਿੰਘ ਬੋਪਾਰਾਏ ਤੇ ਸ. ਆਰ ਆਈ ਸਿੰਘ ਹੁਰਾਂ ਅਜੀਤ ਸਿੰਘ ਬੈਂਸ ਦੇ ਦੇਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ | ਮੀਟਿੰਗ 'ਚ ਹਾਜ਼ਰ ਸਾਬਕਾ ਅਧਿਕਾਰੀਆਂ ਨੂੰ ਉਨ੍ਹਾਂ ਦਸਿਆ ਕਿ ਸਾਲ 1922 ਵਿਚ ਜਲੰਧਰ ਜ਼ਿਲ੍ਹੇ ਦੇ ਬੜਾ ਪਿੰਡ ਵਿਚ ਜਨਮੇ ਜਸਟਿਸ ਬੈਂਸ ਨੇ ਮੁਢਲੀ ਸਿਖਿਆ ਉਪਰੰਤ ਲਾਅ ਦੀ ਡਿਗਰੀ ਅਤੇ ਇਕਨਾਮਿਕਸ 'ਚ ਪੋਸਟ ਗਰੈਜੂਏਸ਼ਨ ਲਖਨਊ ਯੂਨੀਵਰਸਿਟੀ ਤੋਂ
ਪ੍ਰਾਪਤ ਕੀਤੀ | ਉਨ੍ਹਾਂ 1961 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਪ੍ਰੈਕਟਿਸ ਕਰਦਿਆਂ 1974 ਵਿਚ ਜਸਟਿਸ ਦਾ ਰੁਤਬਾ ਪ੍ਰਾਪਤ ਕੀਤਾ |
1984 ਵਿਚ ਸੇਵਾ ਮੁਕਤੀ ਬਾਅਦ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੀ ਸਥਾਪਨਾ ਕਰ ਕੇ ਉਸ ਸਮੇਂ ਚਲ ਰਹੇ ਮਾੜੇ ਦੌਰ 'ਚ ਮਨੁੱਖੀ ਹੱਕਾਂ ਦੀ ਪੈਰਵੀ ਕੀਤੀ |