
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਮੁੜ ਵਿਵਾਦਾਂ 'ਚ
ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਕੇਸ ਦਰਜ
ਚੰਡੀਗੜ੍ਹ, 12 ਫ਼ਰਵਰੀ (ਸਸਸ): ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਹੁਣ ਇਕ ਹੋਰ ਵਿਵਾਦ ਜੁੜ ਗਿਆ ਹੈ | ਇਸ ਵਾਰ ਵਕੀਲਾਂ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ | ਐਡਵੋਕੇਟ ਸੁਨੀਲ ਮੱਲ੍ਹਣ ਵਲੋਂ ਜ਼ਿਲ੍ਹਾ ਅਦਾਲਤ 'ਚ ਮੂਸੇਵਾਲਾ ਵਿਰੁਧ ਕੇਸ ਦਰਜ ਕਰਵਾਇਆ ਗਿਆ ਹੈ | ਇਸ ਤੋਂ ਪਹਿਲਾਂ ਵੀ ਇਹ ਵਿਵਾਦ ਪੰਜਾਬੀ ਗਾਇਕ ਅਪਣੇ ਸੁਭਾਅ ਤੇ ਗਾਇਕੀ ਦੇ ਅੰਦਾਜ਼ ਨੂੰ ਲੈ ਕੇ ਕਈ ਵਾਰ ਵਿਵਾਦਾਂ 'ਚ ਘਿਰ ਚੁੱਕੇ ਹਨ | ਐਡਵੋਕੇਟ ਮੱਲ੍ਹਣ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਸੰਜੂ ਗੀਤ 'ਚ ਵਕੀਲਾਂ ਬਾਰੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ | ਸਿੱਧੂ ਨੇ ਜਾਣ-ਬੁੱਝ ਕੇ ਵਕੀਲਾਂ ਦੇ ਅਕਸ ਨੂੰ ਢਾਹ ਲਾਉਣ ਦਾ ਕੰਮ ਕੀਤਾ ਹੈ |
ਮੂਸੇਵਾਲਾ ਨੇ ਇਸ ਗੀਤ ਨੂੰ ਜਾਣ-ਬੁੱਝ ਕੇ ਗ਼ਲਤ ਇਰਾਦੇ ਨਾਲ ਰਿਲੀਜ਼ ਕਰ ਕੇ ਨਿਆਂ ਪ੍ਰਣਾਲੀ ਦਾ ਅਕਸ ਖ਼ਰਾਬ ਕਰਨ ਦਾ ਕੰਮ ਕੀਤਾ ਹੈ | ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਕਾਂਗਰਸੀ ਉਮੀਦਵਾਰ ਤੇ ਵਿਵਾਦਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਫਸ ਗਏ ਹਨ | ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਉਨ੍ਹਾਂ ਵਿਰੁਧ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ ਹੈ | ਐਡਵੋਕੇਟ ਮੱਲ੍ਹਣ ਨੇ ਕਿਹਾ ਕਿ ਮੂਸੇਵਾਲਾ ਅਪਣੇ ਗੀਤਾਂ ਰਾਹੀਂ ਬਾਰਡਰ ਸਟੇਟ (ਪੰਜਾਬ) ਦੇ ਨੌਜਵਾਨਾਂ ਨੂੰ ਹਿੰਸਾ ਤੇ ਦੰਗਿਆਂ ਲਈ ਪ੍ਰੇਰਿਤ ਕਰ ਰਿਹਾ ਹੈ | ਉਨ੍ਹਾਂ ਮੂਸੇਵਾਲਾ 'ਤੇ ਗੰਨ ਕਲਚਰ ਨੂੰ ਹੱਲਾਸ਼ੇਰੀ ਦੇਣ ਦੇ ਵੀ ਦੋਸ਼ ਲਗਾਏ ਹਨ | ਉਹ ਗੀਤ 'ਚ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ | ਮੂਸੇਵਾਲਾ ਦਾ ਇਹ ਐਕਟ ਆਈਪੀਸੀ, ਆਰਮਜ਼ ਐਕਟ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਅਧੀਨ ਆਉਂਦਾ ਹੈ | ਇਨ੍ਹਾਂ 'ਚ ਦੇਸ਼ ਵਿਰੁਧ ਕਾਰਵਾਈਆਂ, ਅਪਰਾਧਕ ਸਾਜ਼ਸ਼, ਸਾਂਝੀ ਕੋਸ਼ਿਸ਼, ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਅਕਸ ਨੂੰ ਠੇਸ ਪਹੁੰਚਾਉਣਾ, ਡਰਾਉਣਾ ਆਦਿ ਸ਼ਾਮਲ ਹੈ | ਕਿਹਾ ਗਿਆ ਹੈ ਕਿ ਮੂਸੇਵਾਲਾ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ |
ਕੇਸ 'ਚ ਮੂਸੇਵਾਲਾ ਤੋਂ ਇਲਾਵਾ ਸੰਜੂ ਗੀਤ ਦੇ ਮਿਊਜ਼ਿਕ ਡਾਇਰੈਕਟਰ ਗਗਨਦੀਪ ਸਿੰਘ, ਵੀਡੀਉ ਡਾਇਰੈਕਟਰ ਨਵਕਰਨ ਬਰਾੜ ਤੇ ਹੋਰਨਾਂ ਨੂੰ ਧਿਰ ਬਣਾਇਆ ਗਿਆ ਹੈ | ਇਸ ਤੋਂ ਪਹਿਲਾਂ ਐਡਵੋਕੇਟ ਨੇ 15 ਜੁਲਾਈ 2021 ਨੂੰ ਮੂਸੇਵਾਲਾ ਨੂੰ ਇਸ ਗੀਤ ਬਾਰੇ ਕਾਨੂੰਨੀ ਨੋਟਿਸ ਵੀ ਭੇਜਿਆ ਸੀ ਜਿਸ ਦਾ ਮੂਸੇਵਾਲਾ ਨੇ ਕੋਈ ਜਵਾਬ ਨਹੀਂ ਦਿਤਾ ਸੀ | ਮੂਸੇਵਾਲਾ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਤੋਂ ਇਲਾਵਾ ਸੰਜੂ ਗੀਤ ਤੋਂ ਕਮਾਏ ਪੈਸੇ ਵਕੀਲਾਂ ਨੂੰ ਮੁਆਵਜ਼ੇ ਵਜੋਂ ਬਾਰ ਕੌਂਸਲ ਆਫ਼ ਪੰਜਾਬ ਹਰਿਆਣਾ ਦੇ ਐਡਵੋਕੇਟ ਵੈਲਫ਼ੇਅਰ ਫ਼ੰਡ 'ਚ ਪਾਉਣ ਦੀ ਮੰਗ ਕੀਤੀ ਗਈ | ਪਟੀਸ਼ਨਰ ਅਨੁਸਾਰ ਮੂਸੇਵਾਲਾ ਨੂੰ ਬਰਨਾਲਾ ਜ਼ਿਲ੍ਹੇ 'ਚ ਏਕੇ-47 ਚਲਾਉਂਦੇ ਹੋਏ ਵੀ ਦੇਖਿਆ ਸੀ | ਉਸ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਵਿਰੁਧ ਮਾਮਲਾ ਦਰਜ ਕੀਤਾ ਸੀ |