
ਥਾਈਲੈਂਡ ਓਪਨ ਮਾਸਟਰਜ਼ ਗੇਮਜ਼ ਦੌਰਾਨ 1500 ਮੀਟਰ ਅਥਲੈਟਿਕਸ ਵਿਚ ਅਤੇ 800 ਮੀਟਰ ਵਿਚ ਉਨ੍ਹਾਂ ਨੇ ਦੋ ਗੋਲਡ ਮੈਡਲ ਜਿੱਤੇ ਹਨ।
ਬਿਆਸ : ਏਸ਼ੀਅਨ ਦੇਸ਼ ਥਾਈਲੈਂਡ ਵਿਚ ਹੋਈਆਂ ਖੇਡਾਂ ਦੌਰਾਨ ਪੰਜਾਬ ਦੇ ਬਟਾਲਾ ਜ਼ਿਲ੍ਹੇ ਨਾਲ ਸਬੰਧਤ ਸਾਬਕਾ ਸੂਬੇਦਾਰ ਹਰਭਜਨ ਸਿੰਘ ਵਲੋਂ 1500 ਮੀਟਰ ਦੌੜ ਵਿਚ ਇਕ ਗੋਲਡ ਮੈਡਲ ਅਤੇ 800 ਮੀਟਰ ਦੌੜ ਵਿਚ ਵੀ ਇਕ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਚਮਕਾਇਆ ਗਿਆ ਹੈ। ਜਲੰਧਰ ਤੋਂ ਬਟਾਲਾ ਜਾਂਦੇ ਹੋਏ ਹਰਭਜਨ ਸਿੰਘ ਦਾ ਵੱਖ-ਵੱਖ ਥਾਈਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਮਾਝੇ ਦੀ ਸ਼ੁਰੂਆਤੀ ਹੱਦ ਬਿਆਸ ਪੁੱਜਣ ’ਤੇ ਖੇਡ ਪੇ੍ਰਮੀਆਂ ਅਤੇ ਪ੍ਰਵਾਰਕ ਮੈਂਬਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਗੱਲਬਾਤ ਦੌਰਾਨ ਸਾਬਕਾ ਸੂਬੇਦਾਰ ਹਰਭਜਨ ਸਿੰਘ ਨੇ ਦਸਿਆ ਕਿ ਫ਼ੌਜ ਵਿਚ ਨੌਕਰੀ ਦੌਰਾਨ ਵੀ ਉਹ ਕਰੀਬ 10 ਸਾਲ ਖੇਡਾਂ ’ਚ ਸਰਗਰਮ ਰਹੇ ਹਨ। ਉਨ੍ਹਾਂ ਦਸਿਆ ਕਿ ਥਾਈਲੈਂਡ ਓਪਨ ਮਾਸਟਰਜ਼ ਗੇਮਜ਼ ਦੌਰਾਨ 1500 ਮੀਟਰ ਅਥਲੈਟਿਕਸ ਵਿਚ ਅਤੇ 800 ਮੀਟਰ ਵਿਚ ਉਨ੍ਹਾਂ ਨੇ ਦੋ ਗੋਲਡ ਮੈਡਲ ਜਿੱਤੇ ਹਨ।
ਉਨ੍ਹਾਂ ਕਿਹਾ ਕਿ ਨਸ਼ੇ ਵਿਚ ਗਲਤਾਨ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਲੋੜ ਹੈ ਅਤੇ ਜਿਹੜੇ ਵੀ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਅਪਣੀ ਜ਼ਿੰਦਗੀ ਖ਼ਰਾਬ ਕਰ ਰਹੇ ਹਨ, ਉਨ੍ਹਾਂ ਨੂੰ ਅਪੀਲ ਹੈ ਕਿ ਜ਼ਿੰਦਗੀ ਦੀ ਮੁੱਖ ਧਾਰਾ ਵਿਚ ਸ਼ਾਮਲ ਹੋ ਕੇ ਨਸ਼ੇ ਤਿਆਗ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਅਪਣੇ ਮਾਤਾ-ਪਿਤਾ ਦੇ ਨਾਲ-ਨਾਲ ਦੇਸ਼ ਦਾ ਨਾਂ ਰੋਸ਼ਨ ਕਰਨ।