
ਦਿੱਲੀ ਸਿੱਖ ਨਸਲਕੁਸ਼ੀ ਮਾਮਲੇ ਹਾਲੇ ਬਹੁਤ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਹੈ - ਵਕੀਲ ਐੱਚ ਐੱਸ ਫੂਲਕਾ
H. S.Phoolka was honored by the Shiromani Committee upon reaching Darbar Sahib: ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਸਿੱਖ ਨਸਲਕੁਸ਼ੀ ਦੇ ਇਕ ਹੋਰ ਕੇਸ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਦੀ ਸਜ਼ਾ ’ਤੇ ਬਹਿਸ 18 ਫ਼ਰਵਰੀ ਨੂੰ ਹੋਵੇਗੀ। ਸੱਜਣ ਕੁਮਾਰ ’ਤੇ ਹਾਲੇ ਦੋ ਹੋਰ ਕੇਸ ਚਲ ਰਹੇ ਹਨ।
ਦਿੱਲੀ ਦੀ ਅਦਾਲਤ ਨੇ ਸੱਜਣ ਕੁਮਾਰ ਨੂੰ ਪਹਿਲੀ ਨਵੰਬਰ, 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ’ਚ ਦੋ ਵਿਅਕਤੀਆਂ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰੁਣਦੀਪ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਹੈ। ਅਤੇ ਸੱਜਣ ਕੁਮਾਰ ਦੇ ਖ਼ਿਲਾਫ਼ ਕੇਸ ਲੜ ਰਹੇ ਵਕੀਲ ਐੱਚ. ਐੱਸ. ਫੂਲਕਾ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਅਤੇ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਐੱਚ. ਐੱਸ. ਫੂਲਕਾ ਤੇ ਉਹਨਾਂ ਦੇ ਪਰਿਵਾਰ ਨੂੰ ਸੂਚਨਾ ਕੇਂਦਰ ਵਿਖੇ ਸਨਮਾਨਿਤ ਵੀ ਕੀਤਾ ਗਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਐਡਵੋਕੇਟ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਸੱਜਣ ਕੁਮਾਰ ਪਹਿਲੇ ਕੇਸ ਦੇ ਵਿੱਚ 6 ਸਾਲਾਂ ਤੋਂ ਜੇਲ ਦੇ ਵਿੱਚ ਹੈ। ਅਤੇ ਹੁਣ ਇੱਕ ਵਾਰ ਫਿਰ ਦੋ ਸਿੱਖਾਂ ਦੇ ਕਤਲ ਦੇ ਕੇਸ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ 18 ਫ਼ਰਵਰੀ ਨੂੰ ਇਸ ਮਾਮਲੇ ਦੇ ਵਿੱਚ ਇਸ ਨੂੰ ਸਜ਼ਾ ਸੁਣਾਈ ਜਾਵੇਗੀ। ਅਤੇ ਇਸ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਮਾਨਯੋਗ ਅਦਾਲਤ ਇਸ ਨੂੰ ਫਾਂਸੀ ਦੀ ਸਜ਼ਾ ਸੁਣਾਉਣਗੇ ਕਿਉਂਕਿ ਸੱਜਣ ਕੁਮਾਰ ਬਹੁਤ ਵੱਡੇ ਕਤਲ ਕਾਂਡ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਦੇ ਹਲਕੇ ਵਿੱਚ 700 ਦੇ ਕਰੀਬ ਕਤਲ ਹੋਏ ਸਨ। ਜਿਸ ਕੇਸ ਵਿੱਚ ਅੱਜ ਉਹਨਾਂ ਨੂੰ ਸਫ਼ਲਤਾ ਮਿਲੀ ਹੈ ਉਸ ਦੇ ਲਈ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਏ ਹਨ।
ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬਹੁਤ ਸਾਥ ਦਿੱਤਾ ਤੇ ਪਹਿਲੀ ਸਿੱਟ ਵੀ ਉਹਨਾਂ ਵੱਲੋਂ ਹੀ ਇਸ ਮਾਮਲੇ ਦੇ ਵਿੱਚ ਬਣਾਈ ਗਈ ਸੀ। ਅਤੇ ਐਸਜੀਪੀਸੀ ਨੇ ਵੀ ਬਹੁਤ ਸਹਿਯੋਗ ਦਿੱਤਾ ਤੇ ਦਿੱਲੀ ਦੀਆਂ ਸੰਗਤਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਅਤੇ ਸਭ ਦੇ ਸਹਿਯੋਗ ਦੇ ਨਾਲ ਹੀ ਇਹ ਸਫ਼ਲਤਾ ਹਾਸਲ ਹੋਈ ਹੈ।