
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਰੀਪੋਰਟਾਂ ਮੁਤਾਬਕ ਹੋਵੇ ਦੋਸ਼ੀਆਂ
ਕੈਪਟਨ ਅਤੇ ਬਾਦਲਾਂ ਨੂੰ ਮਿਲੇ ਸਬਕ ਤੋਂ ਜ਼ਰੂਰ ਸਿੱਖੇ ਆਮ ਆਦਮੀ ਪਾਰਟੀ : ਨਿਆਮੀਵਾਲਾ
ਕੋਟਕਪੂਰਾ, 12 ਮਾਰਚ (ਗੁਰਿੰਦਰ ਸਿੰਘ) : ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਹਿਬਲ ਮੋਰਚੇ ਦੇ 86ਵੇਂ ਦਿਨ ਪੁੱਜੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਨਾ ਮਿਲਣ ਦੀ ਕਾਰਵਾਈ ਨੂੰ ਸ਼ਰਮਨਾਕ ਦਸਦਿਆਂ ਆਖਿਆ ਕਿ ਜੇਕਰ ਦੋਸ਼ੀਆਂ ਦੇ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਜ਼ਾਵਾਂ ਦੇਣ ਦੀ ਬਜਾਇ ਜ਼ਮਾਨਤਾਂ ਦੇ ਕੇ ਸੁਰੱਖਿਆ ਕਰਮਚਾਰੀ ਦਿਤੇ ਜਾਂਦੇ ਹਨ ਤਾਂ ਪੀੜਤ ਪ੍ਰਵਾਰਾਂ ਨੂੰ ਇਸ ਦਾ ਦੁੱਖ ਪੁੱਜਣਾ ਸੁਭਾਵਕ ਹੈ।
ਉਨ੍ਹਾਂ ਬਿਨਾ ਕਿਸੇ ਦਾ ਨਾਮ ਲਿਆ ਸਿਆਸਤਦਾਨਾਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਡੇਰੇਦਾਰ ਤੇ ਉਸ ਦੇ ਸ਼ਰਧਾਲੂਆਂ ਨੂੰ ਵੀ ਬੇਅਦਬੀ ਮਾਮਲਿਆਂ ਲਈ ਕਸੂਰਵਾਰ ਅਤੇ ਜ਼ਿੰਮੇਵਾਰ ਦਸਿਆ। ਸ.੍ਰ ਖਹਿਰਾ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਦੇ ਹਵਾਲੇ ਦਿੰਦਿਆਂ ਦਸਿਆ ਕਿ ਜਦੋਂ ਉੱਚ ਪੁਲਿਸ ਅਧਿਕਾਰੀ ਇਕਬਾਲੀਆ ਬਿਆਨਾਂ ਰਾਹੀਂ ਖ਼ੁਦ ਪ੍ਰਵਾਨ ਕਰ ਰਹੇ ਹਨ ਕਿ ਉਨ੍ਹਾਂ ਦੀ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਅਤਿਆਚਾਰ ਢਾਹੁਣ ਦੀ ਕੀ ਮਜਬੂਰੀ ਸੀ ਅਤੇ ਉਨ੍ਹਾਂ ਨੂੰ ਗੋਲੀ ਚਲਾਉਣ ਜਾਂ ਤਸ਼ੱਦਦ ਢਾਹੁਣ ਦਾ ਆਦੇਸ਼ ਕਿਸ ਨੇ ਦਿਤਾ ਸੀ? ਤਾਂ ਕਾਰਵਾਈ ਕਰਨ ਵਿਚ ਕੋਈ ਢਿੱਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਬੇਅਦਬੀ ਕਾਂਡ ਦਾ ਇਨਸਾਫ਼ ਮੰਗ ਰਹੀਆਂ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਅਰਥਾਤ ਨਿਹੱਥੇ ਮਰਦ-ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਨੂੰ ਸ਼ਰਮਨਾਕ ਦਸਿਆ।
ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਦਾਅਵਾ ਕੀਤਾ ਕਿ ਬੇਅਦਬੀ ਕਾਂਡ ਅਤੇ ਗੋਲੀਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ ਅਤੇ ਬੇਅਦਬੀ ਕਾਂਡ ਦੇ ਮੁੱਦੇ ’ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਦਾ ਹਸ਼ਰ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿਚ ਦੇਖਿਆ ਜਾ ਚੁੱਕਾ ਹੈ।
ਸੁਖਰਾਜ ਸਿੰਘ ਨਿਆਮੀਵਾਲਾ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਬੇਅਦਬੀ ਕਾਂਡ ਲਈ ਕਸੂਰਵਾਰ, ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਨਾ ਰੱਖ ਸਕਣ ਅਤੇ ਨਿਹੱਥੇ ਸਿੱਖਾਂ ਉਪਰ ਤਸ਼ੱਦਦ ਢਾਹੁਣ ਤੇ ਗੋਲੀਆਂ ਚਲਾਉਣ ਲਈ ਸੁਮੇਧ ਸੈਣੀ ਨੂੰ ਜ਼ਿੰਮੇਵਾਰ, ਦੋਸ਼ੀਆਂ ਦੀ ਸਰਪ੍ਰਸਤੀ ਲਈ ਬਾਦਲ ਪ੍ਰਵਾਰ, ਬੇਅਦਬੀ ਦੇ ਮੁੱਦੇ ’ਤੇ ਸਿਆਸੀ ਰੋਟੀਆਂ ਸੇਕਣ ਲਈ ਬਾਦਲਾਂ ਸਮੇਤ ਕੈਪਟਨ ਨੂੰ ਵੀ ਸਬਕ ਮਿਲਣ ਸਬੰਧੀ ਅਨੇਕਾਂ ਉਦਾਹਰਣਾਂ ਦਿੰਦਿਆਂ ਦਸਿਆ ਕਿ ਜੇਕਰ ਭਵਿੱਖ ਵਿਚ ਆਮ ਆਦਮੀ ਪਾਰਟੀ ਨੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਤੀਆਂ ਅਤੇ ਇਸ ਮੁੱਦੇ ’ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾਂ ਝੂਠੇ ਵਾਅਦੇ ਕੀਤੇ ਤਾਂ ਉਸ ਦਾ ਹਸ਼ਰ ਇਸ ਤੋਂ ਵੀ ਮਾੜਾ ਹੋਵੇਗਾ ਅਰਥਾਤ ਉਸ ਨੂੰ ਕੈਪਟਨ ਤੇ ਬਾਦਲਾਂ ਦੀ ਤਰ੍ਹਾਂ ਸੰਗਤ ਦੀ ਕਚਹਿਰੀ ਵਿਚ ਖ਼ਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ।