
ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਝਟਕਾ, ਪੀਐਫ਼ ਵਿਆਜ ਦਰਾਂ ’ਚ ਕਟੌਤੀ, 4 ਦਹਾਕਿਆਂ ਦੇ ਹੇਠਲੇ ਪੱਧਰ ’ਤੇ ਪਹੁੰਚੀ
ਨਵੀਂ ਦਿੱਲੀ, 12 ਮਾਰਚ : ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ਼ਓ) ਨੇ ਸ਼ਨੀਵਾਰ ਨੂੰ ਵਿੱਤੀ ਸਾਲ 2021-22 ਲਈ ਪੀਐਫ਼ ਜਮ੍ਹਾਂ ’ਤੇ ਵਿਆਜ ਦਰ ਨੂੰ ਘਟਾ ਕੇ 8.1 ਫ਼ੀ ਸਦੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿਚ ਸਭ ਤੋਂ ਘੱਟ ਵਿਆਜ ਦਰ ਹੈ। ਵਿੱਤੀ ਸਾਲ 2020-21 ’ਚ ਇਹ ਦਰ 8.5 ਫ਼ੀ ਸਦੀ ਸੀ। ਇਸ ਤੋਂ ਪਹਿਲਾਂ ਈਪੀਐਫ਼ ’ਤੇ ਸਭ ਤੋਂ ਘੱਟ ਵਿਆਜ ਦਰ 1977-78 ’ਚ 8 ਫ਼ੀ ਸਦੀ ਸੀ।
ਦੇਸ਼ ਵਿਚ ਈਪੀਐਫ਼ਓ ਦੇ ਕਰੀਬ ਪੰਜ ਕਰੋੜ ਮੈਂਬਰ ਹਨ। ਇਕ ਸੂਤਰ ਨੇ ਕਿਹਾ, ‘‘ਈਪੀਐਫ਼ਓ ਦੀ ਸਿਖਰ ਫ਼ੈਸਲਾ ਲੈਣ ਵਾਲੀ ਸੰਸਥਾ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੀ ਸ਼ਨੀਵਾਰ ਨੂੰ ਮੀਟਿੰਗ ਹੋਈ, ਜਿਸ ਵਿਚ 2021-22 ਲਈ ਈਪੀਐਫ਼ ’ਤੇ ਵਿਆਜ ਦਰ ਨੂੰ 8.1 ਫ਼ੀ ਸਦੀ ’ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ”। ਕਿਰਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਈਪੀਐਫ਼ਓ ਦੇ ਕੇਂਦਰੀ ਟਰੱਸਟੀ ਬੋਰਡ ਨੇ ਵਿੱਤੀ ਸਾਲ 2021-2 ਲਈ 8.1 ਫ਼ੀ ਸਦੀ ਦੀ ਵਿਆਜ ਦਰ ਦੀ ਸਿਫਾਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਈਪੀਐਫ਼ਓ ਬੋਰਡ ਦੀ ਸਿਫਾਰਿਸ਼ ਨੂੰ ਜਲਦੀ ਹੀ ਵਿੱਤ ਮੰਤਰਾਲੇ ਨੂੰ ਭੇਜਿਆ ਜਾਵੇਗਾ। ਈਪੀਐਫ਼ਓ ਦੇ ਕੇਂਦਰੀ ਟਰੱਸਟੀ ਬੋਰਡ ਦੀ ਮੀਟਿੰਗ ਗੁਵਾਹਟੀ ਵਿਚ ਹੋਈ। ਕਰਮਚਾਰੀ ਭਵਿੱਖ ਸੰਗਠਨ ਦਾ ਇਹ ਫ਼ੈਸਲਾ ਬੇਸ਼ੱਕ ਨੌਕਰੀਪੇਸ਼ਾ ਲੋਕਾਂ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਇਸ ਫ਼ੈਸਲੇ ਨੇ ਈਪੀਐਫ਼ਓ ਦੇ ਕਰੀਬ 6 ਕਰੋੜ ਲੋਕਾਂ ਨੂੰ ਝਟਕਾ ਦਿਤਾ ਹੈ। ਇਕ ਪਾਸੇ ਜਿੱਥੇ ਦੇਸ਼ ’ਚ ਲੋਕ ਮਹਿੰਗਾਈ ਨਾਲ ਜੂਝ ਰਹੇ ਹਨ, ਅਜਿਹੇ ’ਚ ਵੀ ਸਰਕਾਰ ਨੇ ਪੀਐਫ਼ ’ਤੇ ਵਿਆਜ ਘਟਾ ਦਿਤਾ ਹੈ। ਵਿੱਤੀ ਸਾਲ 1977-78 ਵਿਚ ਈਪੀਐਫ਼ਓ ਨੇ 8 ਫ਼ੀ ਸਦੀ ਦੀ ਵਿਆਜ ਦਰ ਤੈਅ ਕੀਤੀ ਸੀ। (ਏਜੰਸੀ)