
'ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਨੁਕਸਾਨ ਹੋਇਆ'
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸੁਨਾਮੀ ਵਿਚ ਸਾਰੇ ਰੁੜ ਗਏ ਹਨ। ਪੰਜਾਬ ਵਿਚ ਆਪਣੀ ਪਾਰਟੀ ਦੀ ਹਾਰ ਉਤੇ ਅਸ਼ਵਨੀ ਸ਼ਰਮਾ ਨੇ ਆਖਿਆ ਕਿ ‘ਆਪ’ ਦੀ ਸੁਨਾਮੀ ਵਿਚ ਸਾਰੇ ਰੁੜ ਗਏ ਹਨ। ਕਾਂਗਰਸ ਦੀ ਹਾਰ ਨਾਲ ਭਾਜਪਾ ਨੂੰ 2024 ਵਿਚ ਫ਼ਾਇਦਾ ਹੋਵੇਗਾ।
Ashwani Kumar Sharma
ਉਨ੍ਹਾਂ ਇਹ ਵੀ ਆਖਿਆ ਕਿ ਅਕਾਲੀ ਦਲ ਨਾਲ ਗਠਜੋੜ ਟੁੱਟਣ ਦਾ ਸਾਨੂੰ ਫ਼ਾਇਦਾ ਮਿਲਿਆ ਹੈ। ਭਾਜਪਾ ਦੇ ਵੋਟ ਬੈਂਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਇਸ ਵਾਰ ਭਾਜਪਾ ਦਾ ਵੋਟ ਬੈਂਕ ਵਧਿਆ ਹੈ। ਉਨ੍ਹਾਂ ਇਹ ਮੰਨਿਆ ਕਿ ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਨੁਕਸਾਨ ਹੋਇਆ ਹੈ।
Ashwani Kumar Sharma
ਉਧਰ, ਪੰਜਾਬ ਭਾਜਪਾ ਨੇ ਪਾਰਟੀ ਦੀ ਹਾਰ ਲਈ ਕੈਪਟਨ ਅਮਰਿੰਦਰ ਸਿੰਘ ਦੀ ਭਾਈਵਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਕੈਪਟਨ ਨੂੰ ਨਾਲ ਲੈਣਾ ਸਾਡੀ ਵੱਡੀ ਭੁੱਲ ਸੀ। ਉਨ੍ਹਾਂ ਕਿਹਾ ਕਿ ਸਾਡੀ ਮਜਬੂਰੀ ਸੀ ਉਨ੍ਹਾਂ ਨੂੰ ਨਾਲ ਲੈਣਾ ਪਰ ਉਹ ਸਾਡੀ ਵੱਡੀ ਭੁੱਲ ਹੈ।
Harjit Grewal
ਗਰੇਵਾਲ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਦੀਆਂ ਸਰਗਰਮੀਆਂ ਇਕ ਸਾਲ ਠੱਪ ਰਹੀਆਂ। ਕਾਂਗਰਸ ਦੀ ਸ਼ਹਿ ’ਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਕ ਸਾਲ ਬਾਹਰ ਨਹੀਂ ਨਿਕਲਣ ਦਿਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਜਿੱਤ ਲਈ ਵਧਾਈ ਦਿੰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਪਾਰਟੀ ਰਹਿ ਗਈਆਂ ਕਮੀਆਂ ਉਤੇ ਵੀ ਝਾਤ ਮਾਰੇਗੀ।