
ਰਾਜਪਾਲ ਵਲੋਂ 16 ਮਾਰਚ ਦੇ ਸਹੁੰ ਚੁਕ ਸਮਾਗਮ ਦੀ ਮਿਲੀ ਪ੍ਰਵਾਨਗੀ ਭਗਵੰਤ ਮਾਨ ਨੇ ਰਾਜਪਾਲ ਨੂੰ 92 ਮੈਂਬਰਾਂ ਦੀ ਸੂਚੀ ਪੇਸ਼ ਕੀਤੀ
ਚੰਡੀਗੜ੍ਹ, 12 ਮਾਰਚ (ਗੁਰਉਪਦੇਸ਼ ਭੁੱਲਰ) : ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਅੱਜ ਭਗਵੰਤ ਮਾਨ ਨੇ ਰਾਜ ਭਵਨ ਜਾ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਸਰਕਾਰ ਬਣਾਉਣ ਲਈ ਅਪਣਾ ਦਾਅਵਾ ਪੇਸ਼ ਕਰ ਦਿਤਾ ਹੈ | ਉਨ੍ਹਾਂ 92 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਰਾਜਪਾਲ ਨੂੰ ਦਿਤਾ ਹੈ |
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਬਿਨਾਂ ਕਿਸੇ ਲਾਮ ਲਸ਼ਕਰ ਦੇ ਇਕੱਲਿਆਂ ਹੀ ਰਾਜਪਾਲ ਕੋਲ ਜਾ ਕੇ ਦਾਅਵਾ ਪੇਸ਼ ਕੀਤਾ | ਪਾਰਟੀ ਹਾਈਕਮਾਨ ਦਾ ਵੀ ਕੋਈ ਨੇਤਾ ਉਨ੍ਹਾਂ ਨਾਲ ਨਹੀਂ ਸੀ | ਇਸ ਤੋਂ ਸੰਕੇਤ ਸਾਫ਼ ਹੈ ਕਿ 'ਆਪ' ਸਰਕਾਰ ਸਾਦਗੀ ਨਾਲ ਹੀ ਚਲੇਗੀ | ਰਾਜਪਾਲ ਨੇ ਭਗਵੰਤ ਮਾਨ ਤੋਂ ਸਹੁੰ ਚੁਕ ਪ੍ਰੋਗਰਾਮ ਦੀ ਥਾਂ 'ਤੇ ਸਮਾਂ ਪੁਛਿਆ ਅਤੇ 16 ਮਾਰਚ ਨੂੰ ਖਟਕੜ ਕਲਾਂ ਵਿਖੇ 12 ਵਜੇ ਇਸ ਪ੍ਰੋਗਰਾਮ ਦੀ ਪ੍ਰਵਾਨਗੀ ਦੇ ਦਿਤੀ ਹੈ | ਪਤਾ ਲੱਗਾ ਹੈ ਕਿ ਭਗਵੰਤ ਮਾਨ ਨਾਲ 5 ਮੰਤਰੀ ਵੀ ਸਹੁੰ ਚੁਕ ਸਕਦੇ ਹਨ | ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲੇ ਨਾਵਾਂ ਨੂੰ ਲੈ ਕੇ ਵੀ ਹਾਲੇ ਅੰਤਮ ਫ਼ੈਸਲਾ ਹੋਣਾ ਹੈ | ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਪੰਜਾਬ ਰਾਜ ਭਵਨ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਕਿਹਾ ਕਿ ਖਟਕੜ ਕਲਾਂ ਵਿਖੇ ਪੂਰੇ ਸੂਬੇ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਖੁਲ੍ਹਾ ਸੱਦਾ ਦਿਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਿਰਫ਼ ਖਟਕੜ ਕਲਾਂ ਵਿਚ ਮੁੱਖ ਮੰਤਰੀ ਜਾਂ ਮੰਤਰੀ ਹੀ ਸਹੁੰ ਨਹੀਂ ਚੁਕਣਗੇ ਬਲਕਿ ਸਾਰੇ ਲੋਕ ਹੀ ਪੰਜਾਬ ਦੀ ਖ਼ੁਸ਼ਹਾਲੀ ਤੇ ਵਿਕਾਸ ਲਈ ਮਿਲ ਕੇ ਸੰਕਲਪ ਲੈਣਗੇ | ਭਾਵੇਂ ਖਟਕੜ ਕਲਾਂ ਦੇ ਪ੍ਰੋਗਰਾਮ ਦੀ ਤਿਆਰੀ ਬੀਤੇ ਦਿਨ ਹੀ ਸ਼ੁਰੂ ਹੋ ਚੁੱਕੀ ਹੈ ਪਰ ਅੱਜ ਰਾਜਪਾਲ ਵਲੋਂ ਸਰਕਾਰ ਬਣਾਉਣ ਦਾ ਸੱਦਾ ਮਿਲ ਜਾਣ ਬਾਅਦ ਇਸ ਦੀਆਂ ਤਿਆਰੀਆਂ ਵੱਡੀ ਪੱਧਰ 'ਤੇ ਸ਼ੁਰੂ ਹੋ ਗਈਆਂ ਹਨ |
ਲੱਖਾਂ ਲੋਕਾਂ ਦੇ ਇਕੱਠ ਲਈ ਸਾਰੇ ਪ੍ਰਬੰਧ ਕਰਨ ਲਈ ਜ਼ਿਲ੍ਹਾ ਨਵਾਂਸ਼ਹਿਰ ਪ੍ਰਸ਼ਾਸਨ ਦੇ ਅਧਿਕਾਰੀ ਜੁੱਟ ਗਏ ਹਨ ਅਤੇ ਪੰਜਾਬ ਸਰਕਾਰ ਦੇ ਉਚ ਅਫ਼ਸਰ ਵੀ ਸਾਰੀ ਤਿਆਰੀ ਦੀ ਦੇਖ ਰੇਖ ਕਰ ਰਹੇ ਹਨ | ਇਨ੍ਹਾਂ ਵਿਚੋਂ ਅਰੋੜਾ ਤੇ ਚੀਮਾ ਉਪ ਮੁੱਖ ਮੰਤਰੀ ਬਣਾਉਣ ਲਈ ਵੀ ਵਿਚਾਰ ਚਲ ਰਹੀ ਹੈ |